ਜੇਐੱਨਐੱਨ, ਜਲੰਧਰ : ਸਮਾਰਟ ਸਿਟੀ ਤਹਿਤ ਚਾਰ ਪ੍ਰਰਾਜੈਕਟ ਸ਼ੁਰੂ ਕਰਨ ਲਈ ਟੈਂਡਰ ਅਲਾਟ ਕਰ ਦਿੱਤੇ ਗਏ ਹਨ। ਇਨ੍ਹਾਂ 'ਚ ਕੰਸਟਰੱਕਸ਼ਨ ਐਂਡ ਡੈਕੋਰੇਸ਼ਨ ਵੇਸਟ ਪਲਾਂਟ ਅਰਬਨ ਅਸਟੇਟ ਦੀ ਮੁੱਖ ਸੜਕ, ਸੀਵਰੇਜ ਸਫਾਈ ਲਈ ਜੇਟਿੰਗ ਮਸ਼ੀਨਾਂ ਤੇ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੇ ਡਿਜੀਟਲਾਈਜੇਸ਼ਨ ਦਾ ਪ੍ਰਰਾਜੈਕਟ ਸ਼ਾਮਲ ਹੈ। ਇਨ੍ਹਾਂ ਸਾਰੇ ਪ੍ਰਰਾਜੈਕਟਾਂ ਦਾ ਕੰਮ ਠੇਕੇਦਾਰਾਂ ਨੂੰ ਅਲਾਟ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ ਜ਼ਮੀਨੀ ਪੱਧਰ 'ਤੇ ਇਹ ਕੰਮ ਸ਼ੁਰੂ ਹੋ ਜਾਣਗੇ। ਜੇਟਿੰਗ ਮਸ਼ੀਨਾਂ ਦੀ ਖਰੀਦ ਹੋਣ ਨਾਲ ਸੀਵਰੇਜ ਸਿਸਟਮ 'ਚ ਸੁਧਾਰ ਹੋਵੇਗਾ। ਇਹ ਸਾਰੇ ਕੰਮ ਸ਼ੁਰੂ ਕਰਨ ਲਈ ਠੇਕੇਦਾਰਾਂ ਨੂੰ ਲੈਟਰ ਦੇ ਦਿੱਤੇ ਗਏ ਹਨ। ਇਥੇ ਹੀ ਬਸ ਨਹੀਂ ਵਰਿਆਣਾ ਡੰਪ 'ਤੇ ਕੂੜਾ ਖਤਮ ਕਰਨ ਦੇ ਪ੍ਰਰਾਜੈਕਟ ਤਹਿਤ ਬਾਇਓਮਾਈਨਿੰਗ ਟੈਂਡਰ ਦੀ ਟੈਂਡਰ ਪ੍ਰਕਿਰਿਆ 'ਚ 8 ਕੰਪਨੀਆਂ ਸ਼ਾਮਲ ਹੋਈਆਂ ਹਨ। ਡੰਪ ਦਾ ਕੂੜਾ ਖਤਮ ਕਰਨ ਦਾ ਪ੍ਰਰਾਜੈਕਟ ਵੀ ਇਕ ਮਹੀਨੇ 'ਚ ਸ਼ੁਰੂ ਹੋ ਸਕਦਾ ਹੈ। ਇਸ ਪ੍ਰਰਾਜੈਕਟ 'ਤੇ 41 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਪ੍ਰਰਾਜੈਕਟ ਨਾਲ ਵਰਿਆਣਾ ਡੰਪ 'ਤੇ ਇਕੱਠਾ ਹੋਇਆ ਕੂੜਾ ਖਤਮ ਕੀਤਾ ਜਾਣਾ ਹੈ ਪਰ ਇਸ ਕੰਮ ਨੂੰ ਲੈ ਕੇ ਵਿਵਾਦ ਵੀ ਬਣਿਆ ਹੋਇਆ ਹੈ। ਕੌਂਸਲਰ ਜਗਦੀਸ਼ ਸਮਰਾਏ ਨੂੰ ਟੈਂਡਰ ਦੀ ਰਾਸ਼ੀ 'ਤੇ ਇਤਰਾਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਰਾਸ਼ੀ 'ਚ ਇਹ ਕੰਮ ਦੋ ਵਾਰ ਹੋ ਸਕਦਾ ਹੈ।

-- ਐਪ ਨਾਲ ਗੁਰੂ ਨਾਨਕ ਲਾਇਬ੍ਰੇਰੀ ਨਾਲ ਜੁੜ ਸਕਣਗੇ ਲੋਕ

ਗੁਰੂ ਨਾਨਕ ਲਾਇਬ੍ਰੇਰੀ ਨੂੰ ਵੀ ਆਨਲਾਈਨ ਕੀਤਾ ਜਾਵੇਗਾ। ਇਸ ਦਾ ਟੈਂਡਰ 1.01 ਕਰੋੜ ਰੁਪਏ 'ਚ ਦਿੱਤਾ ਗਿਆ ਹੈ। ਲਾਇਬ੍ਰੇਰੀ ਨਾਲ ਆਨਲਾਈਨ ਜੁੜਨ ਲਈ ਇਕ ਐਪ ਵੀ ਬਣਾਈ ਗਈ ਹੈ। ਕਿਤਾਬਾਂ ਪੜ੍ਹਨ ਦੇ ਸ਼ੌਕੀਨ ਇਸ ਐਪ ਦੀ ਮਦਦ ਨਾਲ ਗੁਰੂ ਨਾਨਕ ਲਾਇਬ੍ਰੇਰੀ 'ਚ ਮੌਜੂਦ ਆਨਲਾਈਨ ਲਿਟਰੇਚਰ ਨੂੰ ਪੜ੍ਹ ਸਕਣਗੇ। ਲਾਇਬ੍ਰੇਰੀ 'ਚ ਇਸ ਸਮੇਂ ਬਹੁਤ ਮਹੱਤਵਪੂਰਨ ਕਿਤਾਬਾਂ ਹਨ ਜਿਨ੍ਹਾਂ ਨੂੰ ਆਨਲਾਈਨ ਕੀਤਾ ਜਾਵੇਗਾ।

- ਗਦਈਪੁਰ 'ਚ ਹੋਵੇਗਾ ਸੀਐਂਡਡੀ ਵੇਸਟ ਪਲਾਂਟ

ਨਿਗਮ ਦੇ ਕੰਸਟਰੱਕਸ਼ਨ ਐਂਡ ਡੇਮੋਲੇਸ਼ਨ ਵੇਸਟ ਪਲਾਂਟ ਦਾ ਟੈਂਡਰ 3.65 ਕਰੋੜ 'ਚ ਗਿਆ ਹੈ। ਸ਼ਹਿਰ 'ਚ ਇਮਾਰਤਾਂ ਤੇ ਸੜਕਾਂ ਦੇ ਮਲਬੇ ਨੂੰ ਪ੍ਰਰੋਸੈੱਸ ਕਰ ਕੇ ਇੰਟਰਲਾਕ ਟਾਈਲਾਂ 'ਚ ਬਦਲਿਆ ਜਾ ਸਕੇਗਾ। ਇਸ ਨਾਲ ਹਵਾ ਪ੍ਰਦੂਸ਼ਨ 'ਚ ਵੀ ਕਮੀ ਆਵੇਗੀ ਤੇ ਨਿਗਮ ਨੂੰ ਸੜਕਾਂ 'ਤੇ ਲਾਉਣ ਲਈ ਸਸਤੀਆਂ ਇੰਟਰਲਾਕ ਟਾਈਲਾਂ ਵੀ ਮਿਲ ਸਕਣਗੀਆਂ।

-- ਅਰਬਨ ਅਸਟੇਟ ਰੋਡ ਬਣਨ ਨਾਲ ਲੋਕਾਂ ਨੂੰ ਹੋਵੇਗਾ ਫਾਇਦਾ

ਅਰਬਨ ਅਸਟੇਟ ਦੀ ਮੁੱਖ ਸੜਕ ਦਾ ਟੈਂਡਰ 1.95 ਕਰੋੜ 'ਚ ਦਿੱਤਾ ਗਿਆ ਹੈ। ਸਮਾਰਟ ਸਿਟੀ ਕੰਪਨੀ ਨੇ ਕੂਲ ਰੋਡ ਤੋਂ ਲੈ ਕੇ ਸੁਭਾਨਾ ਤਕ ਦੀ ਅਰਬਨ ਅਸਟੇਟ ਰੋਡ ਦੇ ਡਿਸਪੋਜ਼ਲ ਤਕ ਸੜਕ ਬਣਾਉਣ ਦਾ ਬਜਟ ਦਿੱਤਾ ਹੈ। ਇਸ ਸੜਕ ਦੇ ਨਿਰਮਾਣ ਨਾਲ ਟ੍ਰੈਫਿਕ ਵਿਵਸਥਾ ਠੀਕ ਹੋਵੇਗੀ ਤੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।

-- ਜੇਟਿੰਗ ਮਸ਼ੀਨਾਂ ਨਾਲ ਸੀਵਰੇਜ ਸਿਸਟਮ ਹੋਵੇਗਾ ਠੀਕ

ਸਭ ਤੋਂ ਮੁੱਖ ਪ੍ਰਰਾਜੈਕਟ ਜੇਟਿੰਗ ਮਸ਼ੀਨ ਖਰੀਦਣ ਦਾ ਹੈ। ਸਮਾਰਟ ਸਿਟੀ ਕੰਪਨੀ ਨੇ ਨਗਰ ਨਿਗਮ ਨੂੰ ਇਹ ਮਸ਼ੀਨਾਂ ਮੁਹੱਈਆ ਕਰਵਾਉਣੀਆਂ ਹਨ ਤਾਂਕਿ ਸ਼ਹਿਰ 'ਚ ਸੀਵਰੇਜ ਸਿਸਟਮ ਨੂੰ ਸਹੀ ਕੀਤਾ ਜਾ ਸਕੇ। 12.96 ਕਰੋੜ ਰੁਪਏ 'ਚ 16 ਮਸ਼ੀਨਾਂ ਖਰੀਦੀਆਂ ਜਾਣਗੀਆਂ ਤੇ ਸਾਰੇ ਇਲਾਕਿਆਂ 'ਚ ਦਿੱਤੀਆਂ ਜਾਣਗੀਆਂ। ਮੀਂਹ ਦੇ ਦਿਨਾਂ 'ਚ ਤੇ ਟ੍ਰੀਟਮੈਂਟ ਪਲਾਂਟ ਦੀ ਅਪਗ੍ਰੇਡੇਸ਼ਨ ਦੇ ਕੰਮ ਦੌਰਾਨ ਇਸ ਦਾ ਕਾਫੀ ਫਾਇਦਾ ਹੋਵੇਗਾ।