ਜੇਐੱਨਐੱਨ, ਜਲੰਧਰ : ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਨਾਲ 41ਵੀਂ ਮੌਤ ਹੋਈ, ਜਦਕਿ 17 ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ 17 ਵਿਚੋਂ ਸੱਤ ਮਰੀਜ਼ਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਅੰਮਿ੍ਤਸਰ 'ਚ ਢਾਈ ਮਹੀਨੇ ਦੇ ਜਿਸ ਬੱਚੇ ਦੀ ਮੌਤ ਹੋਈ ਉਹ ਕਿਵੇਂ ਕੋਰੋਨਾ ਤੋਂ ਇਨਫੈਕਟਿਡ ਹੋਇਆ, ਇਸ ਦਾ ਪਤਾ ਨਹੀਂ ਲੱਗਾ। ਇਸੇ ਤਰ੍ਹਾਂ ਬਟਾਲਾ (ਗੁਰਦਾਸਪੁਰ) 'ਚ ਵੀ ਚਾਰ ਗਰਭਵਤੀ ਅੌਰਤਾਂ ਨੂੰ ਕਿਵੇਂ ਇਨਫੈਕਸ਼ਨ ਹੋਇਆ, ਇਸ ਦੀ ਜਾਣਕਾਰੀ ਨਹੀਂ ਮਿਲ ਰਹੀ ਹੈ। ਦੂਜੇ ਪਾਸੇ ਵੀਰਵਾਰ ਨੂੰ ਚਾਰ ਹੋਰ ਮਰੀਜ਼ ਸਿਹਤਮੰਦ ਹੋਏ ਹਨ। ਸੂਬੇ 'ਚ ਕੁਲ 2106 ਮਰੀਜ਼ਾਂ ਵਿਚੋਂ 1798 ਸਿਹਤਮੰਦ ਹੋ ਚੁੱਕੇ ਹਨ।

ਅੰਮਿ੍ਤਸਰ 'ਚ ਵੀਰਵਾਰ ਨੂੰ ਢਾਈ ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਨਵੇਂ ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਇਸ ਦੇ ਬਾਵਜੂਦ ਇਹ ਕੋਰੋਨਾ ਪਾਜ਼ੇਟਿਵ ਕਿਵੇਂ ਹੋਏ, ਇਹ ਕਿਸੇ ਨੂੰ ਪਤਾ ਨਹੀਂ। ਵੀਰਵਾਰ ਨੂੰ ਸਭ ਤੋਂ ਜ਼ਿਆਦਾ ਹੁਸ਼ਿਆਰਪੁਰ 'ਚ ਸੱਤ ਕੇਸ ਆਏ, ਜਦਕਿ ਪਠਾਨਕੋਟ 'ਚ ਦੋ ਹੋਰ ਤੇ ਜਲੰਧਰ 'ਚ ਇਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।

ਗ੍ਰੀਨ ਜ਼ੋਨ ਐਲਾਨੇ ਬਟਾਲਾ (ਗੁਰਦਾਸਪੁਰ) 'ਚ ਕੋਰੋਨਾ ਪਾਜ਼ੇਟਿਵ ਆਈਆਂ ਚਾਰ ਗਰਭਵਤੀ ਅੌਰਤਾਂ 'ਚ ਦੋ ਦੀ ਡਿਲਵਰੀ ਹੋਈ, ਜਦਕਿ ਦੋ ਹੋਰ ਸਿਵਲ ਹਸਪਤਾਲ 'ਚ ਆਈਸੋਲੇਟ ਕੀਤੀਆਂ ਗਈਆਂ ਹਨ। ਨਵਜੰਮੇ ਬੱਚੇ ਦੇ ਸੈਂਪਲ ਲੈ ਕੇ ਵੀ ਜਾਂਚ ਲਈ ਭੇਜ ਦਿੱਤੇ ਗਏ ਹਨ। ਇਹ ਅੌਰਤਾਂ ਬਟਾਲਾ ਦੇ ਬਸੰਤ ਨਗਰ, ਪਿੰਡ ਦਨਦੋਈ, ਡੰਡਿਆਲਾ ਨਜ਼ਾਰਾ ਤੇ ਡੱਲਾ ਕਾਦੀਆਂ ਦੀਆਂ ਹਨ। ਸਾਰਿਆਂ ਨੂੰ 19 ਮਈ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਦੋਂ ਉਹ ਬਿਲਕੁਲ ਤੰਦੁਰਸਤ ਸਨ। ਹੁਣ ਸਵਾਲ ਇਹ ਹੈ ਕਿ ਪਹਿਲਾਂ ਇਨ੍ਹਾਂ 'ਚ ਕੋਰੋਨਾ ਦੇ ਲੱਛਣ ਨਹੀਂ ਸਨ ਤਾਂ ਹੁਣ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਕਿਵੇਂ ਆ ਗਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅੌਰਤਾਂ ਦਾ ਪਿਛਲੇ ਹਫ਼ਤੇ ਸ਼ਹਿਰ ਦੇ ਇਕ ਨਿੱਜੀ ਡਾਇਗਨੋਸਟਿਕ ਸੈਂਟਰ 'ਚ ਟੈਸਟ ਕਰਵਾਇਆ ਗਿਆ ਸੀ। ਪਤਾ ਲਾਇਆ ਜਾ ਰਿਹਾ ਹੈ ਕਿ ਕਿਤੇ ਉਥੇ ਕਿਸੇ ਕੋਰੋਨਾ ਪਾਜ਼ੇਟਿਵ ਮਰੀਜ਼ ਤਾਂ ਟੈਸਟ ਨਹੀਂ ਹੋਇਆ ਸੀ?

ਫਾਜ਼ਿਲਕਾ 'ਚ ਦੋ ਹੋਰ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚੋਂ ਛੁੱਟੀ ਦੇ ਕੇ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ। ਰੂਪਨਗਰ 'ਚ ਵੀ ਦੋ ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਜ਼ਿਲ੍ਹੇ 'ਚ ਹੁਣ ਤਕ ਮਿਲੇ 59 ਮਰੀਜ਼ਾਂ 'ਚੋਂ 58 ਸਿਹਤਮੰਦ ਹੋਏ ਗਏ ਹਨ।

ਹਸਪਤਾਲ 'ਚ ਤਾਂ ਨਹੀਂ ਹੋਇਆ ਇਨਫੈਕਸ਼ਨ

ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਢਾਈ ਮਹੀਨੇ ਦੇ ਬੱਚੇ ਦੀ ਮੌਤ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ। ਕਿਤੇ ਇਹ ਬੱਚਾ ਹਸਪਤਾਲ 'ਚ ਹੀ ਤਾਂ ਕੋਰੋਨਾ ਪਾਜ਼ੇਟਿਵ ਨਹੀਂ ਹੋਇਆ? ਹਾਲਾਂਕਿ ਡਾਕਟਰਾਂ ਅਨੁਸਾਰ ਬੱਚੇ ਨੂੰ ਨਿਮੋਨੀਆ ਤੇ ਦਿਮਾਗ਼ੀ ਬੁਖਾਰ ਸੀ, ਇਸ ਲਈ ਉਸ ਦੀ ਬਿਮਾਰੀ ਰੋਕੂ ਸਮਰੱਥਾ ਕਮਜ਼ੋਰ ਹੋ ਗਈ ਸੀ। ਹਸਪਤਾਲ 'ਚ 350 ਬੈੱਡਾਂ 'ਤੇ ਆਧਾਰਿਤ ਕੋਰੋਨਾ ਵਾਰਡ 'ਚ ਕਈ ਸ਼ੱਕੀ ਮਰੀਜ਼ ਦਾਖ਼ਲ ਹਨ। ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲਾ ਸਟਾਫ ਵੀ ਇਨਫੈਕਟਿਡ ਹੋ ਸਕਦਾ ਹੈ। ਇਕ ਡਾਕਟਰ ਨੂੰ ਇਨਫੈਕਟਿਡ ਹੋਇਆ ਵੀ ਹੈ।

--

ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ ਪਾਜ਼ੇਟਿਵ ਮੌਤ

ਅੰਮਿ੍ਤਸਰ-316-5

ਜਲੰਧਰ-215-7

ਲੁਧਿਆਣਾ-184-7

ਤਰਨਤਾਰਨ-163-0

ਗੁਰਦਾਸਪੁਰ-141-3

ਨਵਾਂਸ਼ਹਿਰ-110-1

ਪਟਿਆਲਾ-108-2

ਮੋਹਾਲੀ-105-3

ਹੁਸ਼ਿਆਰਪੁਰ-103-5

ਸੰਗਰੂਰ-97-0

ਮੁਕਤਸਰ-66-0

ਫ਼ਰੀਦਕੋਟ-62-0

ਮੋਗਾ-60-0

ਰੂਪਨਗਰ-60-1

ਫਤਹਿਗੜ੍ਹ ਸਾਹਿਬ-56-0

ਫਾਜ਼ਿਲਕਾ-44-0

ਫਿਰੋਜ਼ਪੁਰ-44-1

ਮਾਨਸਾ-43-0

ਬਠਿੰਡਾ-42-0

ਕਪੂਰਥਲਾ-34-3

ਪਠਾਨਕੋਟ-31-2

ਬਰਨਾਲਾ-21-2