ਜੇਐੱਨਐੱਨ, ਜਲੰਧਰ : ਸੋਮਵਾਰ ਸਵੇਰੇ ਇਕ ਵਾਰ ਫਿਰ ਇਨਸਾਨੀਅਤ ਸ਼ਰਮਸਾਰ ਹੋ ਗਈ। ਨਹਿਰ 'ਚੋਂ ਬਰਾਮਦ ਹੋਏ ਭਰੂਣ ਨੂੰ ਵੇਖ ਕੇ ਹਰ ਕੋਈ ਦਹਿਲ ਗਿਆ। ਸਵੇਰੇ ਲਗਪਗ 8 ਵਜੇ ਬਸਤੀ ਬਾਵਾ ਖੇਲ ਨਹਿਰ 'ਚੋਂ ਚਾਰ ਮਹੀਨੇ ਦਾ ਭਰੂਣ ਬਰਾਮਦ ਹੋਣ ਕਾਰਨ ਉਥੇ ਸਨਸਨੀ ਫੈਲ ਗਈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਮੌਕੇ 'ਤੇ ਪੁੱਜੇ ਬਸਤੀ ਬਾਵਾ ਖੇਲ ਦੇ ਇੰਚਾਰਜ ਮੇਜਰ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੱਕੜ ਵਾਲੇ ਪੁਲ ਕੋਲ ਭਰੂਣ ਪਿਆ ਹੈ। ਉਨ੍ਹਾਂ ਦੱਸਿਆ ਭਰੂਣ ਹਾਲੇ ਇੰਨਾ ਵਿਕਸਿਤ ਨਹੀਂ ਸੀ ਕਿ ਇਸ ਦੇ ਨਰ ਜਾਂ ਮਾਦਾ ਹੋਣ ਦਾ ਪਤਾ ਚੱਲ ਸਕੇ। ਉਨ੍ਹਾਂ ਕਿਹਾ ਇਹ ਕਿਸੇ ਕੁਆਰੀ ਮਾਂ ਦੀ ਕਰਤੂਤ ਲੱਗਦੀ ਹੈ। ਆਲੇ-ਦੁਆਲੇ ਦੀਆਂ ਦਾਈਆਂ ਤੇ ਹਸਪਤਾਲਾਂ ਤੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਿਸ 'ਚ ਅਜਿਹੀ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੋਵੇ। ਹਾਲੇ ਬੀਤੀ 4 ਜੁਲਾਈ ਨੂੰ ਹੀ ਡੀਏਵੀ ਕਾਲਜ ਨਹਿਰ ਕੋਲ ਕਿਸੇ ਨੇ ਨਵਜੰਮੇ ਬੱਚੇ ਨੂੰ ਸੁੱਟ ਦਿੱਤਾ ਸੀ। ਉਸ ਦੀ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਸੀ ਕਿ ਉਸ ਨੂੰ ਜਿਉਂਦਾ ਹੀ ਸੁੱਟਿਆ ਗਿਆ ਸੀ ਪਰ ਅੱਜ ਤਕ ਉਸ ਨੂੰ ਸੁੱਟਣ ਵਾਲੇ ਦਾ ਕੁਝ ਪਤਾ ਨਹੀਂ ਲੱਗਾ। ਕਿਉਂਕਿ ਉਹ ਕਿਤੋਂ ਹੋਰ ਰੁੜ ਕੇ ਆਇਆ ਸੀ। ਪੰਜ ਜੁਲਾਈ ਨੂੰ ਇਸੇ ਥਾਂ 'ਤੋਂ ਮਾਦਾ ਭਰੂਣ ਬਰਾਮਦ ਹੋਇਆ ਸੀ ਤੇ ਇਹ ਵੀ ਰੁੜ ਕੇ ਆਇਆ ਸੀ। ਇਸ ਮਾਮਲੇ ਨੂੰ ਵੀ ਹਾਲੇ ਤਕ ਪੁਲਿਸ ਨਹੀਂ ਸੁਲਝਾ ਸਕੀ ਹੈ।

Posted By: Seema Anand