ਰਾਕੇਸ਼ ਗਾਂਧੀ ਜਲੰਧਰ : ਸੀਆਈਏ ਸਟਾਫ ਦੀ ਪੁਲਿਸ ਨੇ ਅਮਨ ਨਗਰ ਰੋਡ 'ਤੇ ਸਥਿਤ ਇੱਕ ਫਾਈਨਾਂਸ ਕੰਪਨੀ ਦੇ ਦਫਤਰ ਵਿੱਚ ਜੂਆ ਖੇਡ ਰਹੇ ਦੋ ਫੈਕਟਰੀ ਮਾਲਿਕ, ਇਕ ਬੈਂਕ 'ਚ ਕੰਮ ਕਰਨ ਵਾਲਾ ਕਰਮਚਾਰੀ ਅਤੇ ਇਕ ਪੂਜਾ ਦਾ ਸਾਮਾਨ ਵੇਚਣ ਵਾਲੇ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਅਮਨ ਨਗਰ ਵਿੱਚ ਗਸ਼ਤ ਕਰ ਰਹੀ ਸੀ ਕਿ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਅਮਨ ਨਗਰ ਰੋਡ 'ਤੇ ਪੈਂਦੇ ਇੱਕ ਫਾਈਨਾਂਸ ਕੰਪਨੀ ਦੇ ਦਫਤਰ ਵਿੱਚ ਕੁਝ ਲੋਕ ਜੂਆ ਖੇਡ ਰਹੇ ਹਨ ਜਿਸ 'ਤੇ ਪੁਲਿਸ ਨੇ ਛਾਪਾਮਾਰੀ ਕੀਤੀ ਤੇ ਮੌਕੇ ਤੋਂ ਸੰਦੀਪ ਕੁਮਾਰ ਵਾਸੀ ਸੁਭਾਸ਼ ਨਗਰ, ਹਰਪ੍ਰਰੀਤ ਸਿੰਘ ਵਾਸੀ ਇੰਡਸਟਰੀ ਏਰੀਆ, ਕਰਨ ਸੈਣੀ ਵਾਸੀ ਸ਼ਿਵ ਨਗਰ ਅਤੇ ਨਰੇਸ਼ ਕੁਮਾਰ ਵਾਸੀ ਦੀਨ ਦਿਆਲ ਉਪਾਧਿਆਏ ਨਗਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 39640/- ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਜੁਆਰੀਆਂ 'ਚੋਂ ਸੰਦੀਪ ਕੁਮਾਰ ਤੇ ਹਰਪ੍ਰਰੀਤ ਸਿੰਘ ਫੈਕਟਰੀ ਮਾਲਿਕ, ਕਰਨ ਸੈਣੀ ਕੈਪੀਟਲ ਬੈਂਕ ਦੇ ਲੋਨ ਡਿਪਾਰਟਮੈਂਟ ਵਿਚ ਕੰਮ ਕਰਨ ਵਾਲਾ ਕਰਮਚਾਰੀ ਅਤੇ ਨਰੇਸ਼ ਕੁਮਾਰ ਪੂਜਾ ਸਮੱਗਰੀ ਵੇਚਣ ਵਾਲਾ ਦੁਕਾਨਦਾਰ ਹੈ। ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਜੁਆਰੀਆਂ ਦੇ ਖਿਲਾਫ ਗੈਂਬਲਿੰਗ ਐਕਟ ਦੇ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ।