ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ : ਸਰਕਲ ਪਤਾਰਾ ਦੇ ਪਿੰਡ ਹਜ਼ਾਰਾਂ 'ਚ ਇਕ ਡੇਰੇ ਵਿਖੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਆਉਣ ਨੂੰ ਲੈ ਕੇ ਕਿਸਾਨ ਭਰਾਵਾਂ 'ਚ ਭਾਰੀ ਰੋਸ ਪਾਇਆ ਗਿਆ ਤੇ ਕਿਸਾਨ ਭਰਾਵਾਂ ਨੇ ਪਿੰਡ ਹਜ਼ਾਰਾਂ 'ਚ ਮੇਨ ਹੁਸ਼ਿਆਰਪੁਰ ਰੋਡ 'ਤੇ (ਰੋਡ ਦੇ ਇੱਕ ਪਾਸੇ) ਭਾਰੀ ਇਕੱਠ ਕੀਤਾ ਤੇ ਕੇਂਦਰ ਸਰਕਾਰ ਤੇ ਵਿਜੇ ਸਾਂਪਲਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਰੋਸ ਪ੍ਰਦਰਸ਼ਨ ਕਾਲੀਆਂ ਝੰਡੀਆਂ ਲੈ ਕੇ ਕਿਸਾਨ ਭਰਾਵਾਂ ਵੱਲੋਂ ਕੀਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ ਨੇ ਪਿੰਡ ਹਜ਼ਾਰਾ ਦੇ ਇੱਕ ਡੇਰੇ 'ਚ ਆਉਣਾ ਸੀ ਜਿੱਥੇ ਕਿਸਾਨ ਭਰਾਵਾਂ ਨੂੰ ਪਤਾ ਚੱਲਣ 'ਤੇ ਉਨ੍ਹਾਂ ਵੱਲੋਂ ਭਾਰੀ ਇੱਕਠ ਕਰਕੇ ਉਸ ਦਾ ਵਿਰੋਧ ਕੀਤਾ ਗਿਆ।

ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ ਡੇਰੇ 'ਚ ਨਹੀਂ ਪੁੱਜੇ ਹਨ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਪੁਲਸ ਵੱਲੋਂ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਮਾਹੌਲ ਬਹੁਤ ਹੀ ਜ਼ਿਆਦਾ ਤਣਾਅਪੂਰਨ ਬਣਿਆ ਹੋਇਆ ਹੈ ਤੇ ਪਿੰਡ ਹਜ਼ਾਰਾ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ ਹੈ। ਜਿੱਥੇ ਭਾਰੀ ਇਕੱਠ ਵਿੱਚ ਸਰਕਲ ਪਤਾਰਾ, ਆਦਮਪੁਰ, ਭੋਗਪੁਰ, ਕਰਤਾਰਪੁਰ ਤੇ ਹੋਰ ਇਲਾਕਿਆਂ 'ਚੋਂ ਕਿਸਾਨ ਭਰਾਵਾਂ ਨੇ ਹਿੱਸਾ ਲਿਆ। ਉੱਥੇ ਨਵਾਂਸ਼ਹਿਰ, ਮੁਹਾਲੀ, ਜਲੰਧਰ, ਅੰਮ੍ਰਿਤਸਰ ਤੇ ਹੋਰ ਜ਼ਿਲ੍ਹਿਆਂ 'ਚੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਪੁੱਜੇ ਹਨ।

Posted By: Amita Verma