ਹਰਿੰਦਰ ਸਿੰਘ, ਜਲੰਧਰ : ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਰਾਮਾਂ ਮੰਡੀ ਵੱਲੋਂ ਸਵ ਦੌਲਤ ਰਾਮ ਪਿੰਡ ਬਾਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਯਾਦ ਵਿਚ 7ਵਾਂ ਫੁੱਟਬਾਲ ਟੂਰਨਾਮੈਂਟ ਪਿੰਡ ਪੱਧਰ 'ਤੇ ਆਲ ਓਪਨ ਰਾਮਾ ਮੰਡੀ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਪਿੰਡਾਂ ਤੋਂ 40 ਟੀਮਾਂ ਵੱਲੋਂ ਭਾਗ ਲਿਆ ਗਿਆ। ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਜਿੰਦਰ ਬੇਰੀ ਅਤੇ ਪੰਜਾਬ ਫੁੱਟਬਾਲ ਰੈਫਰੀ ਐਸੋਸੀਏਸ਼ਨ ਦੇ ਚੇਅਰਮੈਨ ਗਿਆਨ ਸਿੰਘ ਵੱਲੋਂ ਇਸ ਫੁੱਟਬਾਲ ਟੂਰਨਾਮੈਂਟ ਵਿਚ ਸ਼ਿਰਕਤ ਕੀਤੀ ਗਈ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਤਰ੍ਹਾਂ ਦੀਆ ਖੇਡਾਂ ਨੌਜਵਾਨ ਪੀੜੀ ਨੂੰ ਭੈੜੀਆਂ ਕੁਰੀਤੀਆਂ ਤੋਂ ਬਚਾਉਂਦੀਆਂ ਹਨ। ਉੱਥੇ ਹੀ ਵਿਅਕਤੀ ਦੇ ਸਰੀਰਿਕ ਤੇ ਮਾਨਸਿਕ ਵਿਕਾਸ 'ਚ ਸਹਾਈ ਹੁੰਦੀਆਂ ਹਨ। ਉਨ੍ਹਾਂ ਵੱਲੋਂ ਨੌਜਵਾਨ ਪੀੜੀ ਨੂੰ ਸੰਬੋਧਨ ਕਰਦਿਆਂ ਕਿਹਾ ਨਸ਼ਿਆਂ ਵਰਗੀਆਂ ਭੈੜੀਆਂ ਕੁਰੀਤੀਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ । ਕਲੱਬ ਦੇ ਮੈਂਬਰ ਨਿਤਿਨ ਮਹੇ ਨੇ ਦੱਸਿਆ ਕਿ ਕਲੱਬ ਵੱਲੋਂ ਇਹ ਤਿੰਨ ਰੋਜ਼ਾ ਸੱਤਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਚਾਲੀ ਟੀਮਾਂ ਵੱਲੋਂ ਭਾਗ ਲਿਆ ਗਿਆ। ਅਖੀਰਲੇ ਦਿਨ ਫਾਈਨਲ ਮੈਚ ਸਰਹਾਲਾ ਰਣੂਆ ਤੇ ਰਾਮਾ ਮੰਡੀ ਦੀਆ ਟੀਮਾਂ ਵਿਚਕਾਰ ਹੋਇਆ। ਅਖੀਰੀ ਸਮੇਂ 'ਚ ਸਰਹਾਲਾ ਰਣੂਆਂ ਦੀ ਟੀਮ ਵੱਲੋਂ ਜਿੱਤ ਹਾਸਲ ਕੀਤੀ ਗਈ । ਮੁੱਖ ਮਹਿਮਾਨ ਵਜੋਂ ਵਿਧਾਇਕ ਰਜਿੰਦਰ ਬੇਰੀ ਵਲੋਂ ਜੇਤੂ ਟੀਮ ਨੂੰ 9100 ਤੇ ਸੈਕਿੰਡ ਰਨਰਅਪ ਨੂੰ 8100 ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਮੈਂਬਰਾਂ ਵੱਲੋਂ ਨੌਜਵਾਨਾਂ ਤੇ ਇਲਾਕਾ ਵਾਸੀਆਂ ਨੂੰ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਤੇ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਲਈ ਵਿਧਾਇਕ ਰਾਜਿੰਦਰ ਬੇਰੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਿਤਿਨ ਮਹੇ, ਕਮਲ, ਬਿਪਨ ਕੁਮਾਰ ਦਕੋਹਾ, ਗੁਰਮੀਤ ਬੱਗਾ, ਪਰਵਿੰਦਰ, ਲਵਲੀ ਬੱਗਾ, ਪਰਮਜੀਤ ਸੈਣੀ ਆਦਿ ਮੌਜੂਦ ਸਨ।