ਬੱਚਿਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਾਰੇ ਸਕੂਲਾਂ ਵਿੱਚ 'ਸ਼ੂਗਰ ਬੋਰਡ' ਲਗਾਉਣਾ ਲਾਜ਼ਮੀ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਵਿਦਿਆਰਥੀ ਖੰਡ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦੇਸ਼ ਦੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਅਤੇ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਲਿਆਉਣ ਲਈ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਭਾਰਤ ਵਿੱਚ ਬੱਚਿਆਂ ਅੰਦਰ ਸ਼ੂਗਰ (ਡਾਇਬੀਟੀਜ਼) ਦੇ ਲਗਾਤਾਰ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਪ੍ਰਗਟਾਉਣ ਤੋਂ ਬਾਅਦ, ਕਮਿਸ਼ਨ ਨੇ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ।
ਐਨਸੀਪੀਸੀਆਰ ਦੇ ਮੈਂਬਰ ਸਕੱਤਰ ਡਾ. ਸੰਜੀਵ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਇਸ ਪੱਤਰ ਵਿੱਚ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਕਈ ਮਹੱਤਵਪੂਰਨ ਹਦਾਇਤਾਂ ਦਿੱਤੀਆਂ ਗਈਆਂ ਹਨ। ਕਮਿਸ਼ਨ ਨੇ ਸਾਫ਼ ਤੌਰ 'ਤੇ ਚਿਤਾਵਨੀ ਦਿੱਤੀ ਹੈ ਕਿ ਚਰਬੀ , ਖੰਡ ਅਤੇ ਨਮਕ ਦੀ ਵੱਧ ਮਾਤਰਾ ਵਾਲੇ ਭੋਜਨ ਦਾ ਸੇਵਨ ਬੱਚਿਆਂ ਵਿੱਚ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣ ਰਿਹਾ ਹੈ।
ਸਕੂਲਾਂ ਅਤੇ ਆਂਗਣਵਾੜੀਆਂ ਲਈ ਮੁੱਖ ਦਿਸ਼ਾ-ਨਿਰਦੇਸ਼:
ਬੱਚਿਆਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਐਡਵਾਈਜ਼ਰੀ ਤਹਿਤ ਹੇਠ ਲਿਖੇ ਅਹਿਮ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ ਹਨ:
ਸਕੂਲਾਂ ਵਿੱਚ ਲੱਗਣਗੇ 'ਸ਼ੂਗਰ ਬੋਰਡ': ਬੱਚਿਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਾਰੇ ਸਕੂਲਾਂ ਵਿੱਚ 'ਸ਼ੂਗਰ ਬੋਰਡ' ਲਗਾਉਣਾ ਲਾਜ਼ਮੀ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਵਿਦਿਆਰਥੀ ਖੰਡ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ।
ਕੰਟੀਨਾਂ ਵਿੱਚ ਜੰਕ ਫੂਡ 'ਤੇ ਪੂਰੀ ਪਾਬੰਦੀ: ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫ.ਐਸ.ਐਸ.ਏ.ਆਈ.) ਦੇ ਨਿਯਮਾਂ ਅਨੁਸਾਰ, ਸਕੂਲ ਦੇ ਅਹਾਤੇ, ਕੰਟੀਨਾਂ, ਹੋਸਟਲਾਂ ਦੇ ਨਾਲ-ਨਾਲ ਸਕੂਲ ਦੇ 50 ਮੀਟਰ ਦੇ ਘੇਰੇ ਦੇ ਅੰਦਰ ਜੰਕ ਫੂਡ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਆਂਗਣਵਾੜੀਆਂ ਵਿੱਚ ਸੰਤੁਲਿਤ ਖੁਰਾਕ: ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਆਂਗਣਵਾੜੀ ਕੇਂਦਰਾਂ ਵਿੱਚ ਛੋਟੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਵਿੱਚ ਵਾਧੂ ਖੰਡ ਅਤੇ ਨਮਕ ਦੀ ਵਰਤੋਂ 'ਤੇ ਸਖ਼ਤੀ ਨਾਲ ਰੋਕ ਲਗਾਉਣ ਲਈ ਕਿਹਾ ਗਿਆ ਹੈ।
ਸਰਕਾਰੀ ਦਫ਼ਤਰਾਂ ਲਈ ਵੀ ਹੁਕਮ
ਇਸ ਤੋਂ ਇਲਾਵਾ, ਸਿਹਤ ਮੰਤਰਾਲੇ ਦੀ ਪਹਿਲਕਦਮੀ ਦੇ ਹਿੱਸੇ ਵਜੋਂ, ਹੁਣ ਸਰਕਾਰੀ ਦਫ਼ਤਰਾਂ ਵਿੱਚ ਵੀ "ਤੇਲ ਅਤੇ ਖੰਡ ਬੋਰਡ" ਸਥਾਪਤ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ ਗਈ ਹੈ।
ਐਨਸੀਪੀਸੀਆਰ ਨੇ ਸਾਰੀਆਂ ਰਾਜ ਬਾਲ ਅਧਿਕਾਰ ਸੰਸਥਾਵਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਇਸ ਸਬੰਧੀ ਆਪਣੀ ਰਿਪੋਰਟ ਜਲਦੀ ਤੋਂ ਜਲਦੀ ਸਾਂਝੀ ਕਰਨ ਦੇ ਨਿਰਦੇਸ਼ ਦਿੱਤੇ ਹਨ।