ਰਾਕੇਸ਼ ਗਾਂਧੀ, ਜਲੰਧਰ : ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਵਿਚ ਸੁਰੱਖਿਆ ਦੀ ਭਾਵਨਾ ਬਹਾਲ ਕਰਨ ਲਈ ਮੰਗਲਵਾਰ ਨੂੰ ਏਡੀਸੀਪੀ ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਥਾਣਾ ਨੰਬਰ ਛੇ ਤੇ ਥਾਣਾ ਨੰਬਰ ਸੱਤ ਦੀ ਪੁਲਿਸ ਨੇ ਕਈ ਖੇਤਰਾਂ ਵਿਚ ਫਲੈਗ ਮਾਰਚ ਕੱਢਦੇ ਹੋਏ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਜਾਣਕਾਰੀ ਅਨੁਸਾਰ ਏਡੀਸੀਪੀ ਪਰਮਿੰਦਰ ਸਿੰਘ ਭੰਡਾਲ, ਏਡੀਸੀਪੀ ਟ੍ਰੈਫਿਕ ਗਣੇਸ਼ਨ ਕੁਮਾਰ, ਥਾਣਾ ਨੰਬਰ ਛੇ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ, ਥਾਣਾ ਨੰਬਰ ਸੱਤ ਦੇ ਮੁੱਖੀ ਇੰਸਪੈਕਟਰ ਨਵੀਨਪਾਲ ਸਿੰਘ ਤੇ ਭਾਰੀ ਪੁਲਿਸ ਫੋਰਸ ਨੇ ਮਾਡਲ ਟਾਊਨ ਇਲਾਕੇ ਵਿਚ ਫਲੈਗ ਮਾਰਚ ਕੱਿਢਆ। ਇਸ ਦੌਰਾਨ ਏਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਮਾਡਲ ਟਾਊਨ ਮਾਰਕੀਟ ਵਿਚ ਗਲਤ ਢੰਗ ਨਾਲ ਖੜ੍ਹੇ ਕੀਤੇ ਵਾਹਨਾਂ ਨੂੰ ਤਰਤੀਬ 'ਚ ਲਾਇਆ ਤੇ ਕਈ ਗੱਡੀਆਂ ਦੇ ਚਲਾਨ ਵੀ ਕੱਟਵਾਏ। ਇਸ ਤੋਂ ਬਾਅਦ ਪੁਲਿਸ ਟੀਮਾਂ ਨੇ ਦੀਵਾਲੀ ਦੇ ਮੱਦੇਨਜ਼ਰ ਦੁਕਾਨਾਂ ਦੇ ਬਾਹਰ ਸਜਾ ਕੇ ਰੱਖਿਆ ਗਿਆ ਸਾਮਾਨ ਵੀ ਚੁਕਵਾਇਆ ਤੇ ਹਦਾਇਤਾਂ ਜਾਰੀ ਕੀਤੀਆਂ ਕਿ ਕੋਈ ਵੀ ਦੁਕਾਨਦਾਰ ਦੁਕਾਨਾਂ ਦੇ ਬਾਹਰ ਸਾਮਾਨ ਨਾ ਰੱਖੇ। ਜਿਹੜਾ ਦੁਕਾਨਦਾਰ ਦੁਕਾਨਾਂ ਦੇ ਬਾਹਰ ਸਾਮਾਨ ਰੱਖੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਸ਼ੱਕੀ ਆਦਮੀ ਜਾਂ ਕਿਸੇ ਸ਼ੱਕੀ ਚੀਜ਼ ਬਾਰੇ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਕੰਟਰੋਲ ਵਿਚ ਦੇਣ, ਤਾਂ ਕਿ ਸਮਾਂ ਰਹਿੰਦੇ ਕਾਰਵਾਈ ਕੀਤੀ ਜਾ ਸਕੇ ਤੇ ਕਿਸੀ ਅਨਹੋਣੀ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਟਾਲਿਆ ਜਾ ਸਕੇ।