ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਪਚਰੰਗਾ ਦੇ ਨਜ਼ਦੀਕ ਸਥਿਤ ਪਿੰਡ ਸ਼ੱਕਰਪੁਰ ਤੋਂ ਥੋੜ੍ਹੀ ਦੂਰ ਅੱਗੇ ਅੱਡਾ ਗੜੀ ਬਖਸ਼ਾ ਕੋਲ ਪਠਾਨਕੋਟ ਤੋਂ ਜਲੰਧਰ ਜਾ ਰਹੀ ਸਰਕਾਰੀ ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ ਵਿਚ ਬੱਸ ਡਰਾਈਵਰ ਤੇ ਚਾਰ ਸਵਾਰੀਆਂ ਜ਼ਖ਼ਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਟਰੱਕ ਕਨਟੇਨਰ ਨੂੰ ਡਰਾਈਵਰ ਦਵਿੰਦਰ ਸਿੰਘ ਪਿੰਡ ਗਰਲੀ ਥਾਣਾ ਡੇਰਾ, ਹਿਮਾਚਲ ਪ੫ਦੇਸ਼ ਚੱਲਾ ਰਿਹਾ ਸੀ, ਜਿਸ ਦੇ ਅੱਡਾ ਗੜੀ ਬਖਸ਼ਾ ਨੇੜੇ ਪੁੱਜ ਕੇ ਜਲੰਧਰ ਜਾਣ ਲਈ ਇੱਕਦਮ ਕੱਟ ਮਾਰਨ 'ਤੇ ਪੀਆਰਟੀਸੀ ਦੀ ਬੱਸ ਸਿੱਧੀ ਉਸ ਵਿਚ ਵੱਜ ਗਈ, ਜਿਸ ਨਾਲ ਬੱਸ ਦਾ ਅਗਲਾ ਪਾਸਾ ਪੂਰੀ ਤਰ੍ਹਾਂ ਨੁਕਸਾਨਿਆਂ ਗਿਆ। ਸੂਚਨਾ ਮਿਲਣ 'ਤੇ ਚੌਕੀ ਪਚਰੰਗਾ ਦੇ ਇੰਚਾਰਜ ਪਰਮਜੀਤ ਸਿੰਘ ਘੁੰਮਣ ਨੇ ਪੁਲਿਸ ਪਾਰਟੀ ਨਾਲ ਹਾਦਸੇ ਵਾਲੀ ਥਾਂ 'ਤੇ ਪੁੱਜ ਕੇ ਬੱਸ ਡਰਾਇਵਰ ਮਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭਦੋੜ ਜ਼ਿਲ੍ਹਾ ਬਰਨਾਲਾ ਤੇ ਜ਼ਖ਼ਮੀ 4 ਸਵਾਰੀਆਂ ਨੂੰ ਕਾਲਾ ਬੱਕਰਾ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭੇਜਿਆ। ਜਾਣਕਾਰੀ ਅਨੁਸਾਰ ਡਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।