ਜੇਐੱਨਐੱਨ, ਜਲੰਧਰ : ਸੂਬੇ ਵਿਚ ਐਤਵਾਰ ਨੂੰ ਪੰਜ ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 201 'ਤੇ ਪੁੱਜ ਗਈ ਹੈ। ਉਧਰ ਲਗਾਤਾਰ ਪੰਜਵੇਂ ਦਿਨ 200 ਤੋਂ ਜ਼ਿਆਦਾ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਅੰਮਿ੍ਤਸਰ ਦੇ ਸੰਤ ਐਵੇਨਿਊ ਨਿਵਾਸੀ 42 ਸਾਲਾ ਵਿਅਕਤੀ ਅਤੇ ਗੇਟ ਹਕੀਮਾਂ ਨਿਵਾਸੀ 50 ਸਾਲਾ ਬਜ਼ੁਰਗ ਦੀ ਹਸਪਤਾਲ ਵਿਚ ਮੌਤ ਹੋ ਗਈ। ਲੁਧਿਆਣੇ ਵਿਚ 60 ਸਾਲਾ ਅੌਰਤ, ਪਠਾਨਕੋਟ ਵਿਚ 84 ਸਾਲਾ ਬਜ਼ੁਰਗ ਜਦਕਿ ਸੰਗਰੂਰ ਵਿਚ 90 ਸਾਲਾ ਬਜ਼ੁਰਗ ਰਤ ਨੇ ਦਮ ਤੋੜ ਦਿੱਤਾ। ਸੂਬੇ ਵਿਚ ਦਸ ਦਿਨਾਂ ਵਿਚ 48 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਮਿ੍ਤਕਾਂ ਦਾ ਅੰਕੜਾ 100 ਤਕ ਪੁੱਜਣ ਵਿਚ 94 ਦਿਨ ਯਾਨੀ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਲੱਗਾ ਸੀ ਪਰ 100 ਤੋਂ 200 ਤਕ ਪੁੱਜਣ ਵਿਚ ਸਿਰਫ਼ 21 ਦਿਨ ਹੀ ਲੱਗੇ। ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਰਫ਼ਤਾਰ ਤਿੰਨ ਗੁਣਾ ਤੋਂ ਵੀ ਜ਼ਿਆਦਾ ਵੱਧ ਗਈ ਹੈ। ਪੰਜ ਦਿਨਾਂ ਵਿਚ ਹੀ 1123 ਕੇਸ ਆ ਚੁੱਕੇ ਹਨ।

ਲੁਧਿਆਣੇ ਵਿਚ ਸਭ ਤੋਂ ਜ਼ਿਆਦਾ 54 ਕੇਸ ਆਏ।

ਜਲੰਧਰ ਵਿਚ ਕਾਂਗਰਸ ਦੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ ਸਮੇਤ 33 ਲੋਕ ਇਨਫੈਕਟਿਡ ਪਾਏ ਗਏ। ਮੋਹਾਲੀ ਵਿਚ 26 ਅਤੇ ਅੰਮਿ੍ਤਸਰ ਤੇ ਪਟਿਆਲਾ ਵਿਚ 22-22 ਕੇਸ ਆਏ। ਪਟਿਆਲੇ ਵਿਚ ਸੀਨੀਅਰ ਡਿਪਟੀ ਮੇਅਰ ਜੋਗਿੰਦਰ ਸਿੰਘ ਯੋਗੀ ਵੀ ਇਨਫੈਕਟਿਡ ਪਾਏ ਗਏ ਹਨ। ਬਠਿੰਡੇ ਵਿਚ ਅੱਠ ਫ਼ੌਜੀਆਂ ਸਮੇਤ ਦਸ ਹੋਰ ਲੋਕ ਪਾਜ਼ੇਟਿਵ ਮਿਲੇ ਹਨ। ਹੋਰ ਜ਼ਿਲਿ੍ਹਆਂ ਵਿਚ 12 ਕੇਸ ਆਏ ਹਨ। ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵਿਚ ਵੀ ਕਾਫੀ ਕਮੀ ਆ ਗਈ ਹੈ। ਇਕ ਸਮੇਂ ਪੰਜਾਬ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 71 ਫ਼ੀਸਦੀ ਤੋਂ ਉੱਪਰ ਚਲੀ ਗਈ ਸੀ, ਜਿਹੜੀ ਹੁਣ ਘੱਟ ਹੋ ਕੇ 68 ਤਕ ਪਹੁੰਚ ਗਈ ਹੈ। ਇਨ੍ਹਾਂ ਵਿਚ ਸਰਗਰਮ ਕੇਸ 2305 ਹਨ।

Posted By: Jagjit Singh