ਰਾਕੇਸ਼ ਗਾਂਧੀ, ਜਲੰਧਰ : ਥਾਣਾ-6 ਦੀ ਹੱਦ 'ਚ ਪੈਂਦੇ ਮੋਤਾ ਸਿੰਘ ਨਗਰ ਮਾਰਕੀਟ 'ਚ ਬੁੱਧਵਾਰ ਸ਼ਾਮ ਜੁਆਰੀਆਂ ਵਿਚਾਲੇ ਹੋਏ ਵਿਵਾਦ ਦੇ ਮਾਮਲੇ 'ਚ ਪੁਲਿਸ ਨੇ ਦੋਵਾਂ ਧਿਰਾਂ ਦੇ ਨੌਜਵਾਨਾਂ 'ਤੇ ਕਤਲ ਦੀ ਕੋਸ਼ਿਸ਼ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ ਤੇ ਪੰਜ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਮੋਤਾ ਸਿੰਘ ਨਗਰ ਮਾਰਕੀਟ 'ਚ ਚੰਦਨ ਕੁਮਾਰ ਮਾਘਾ ਤੇ ਉਸ ਦੇ ਸਾਥੀ ਜੂਆ ਖੇਡ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਪੈਸਿਆਂ ਦੇ ਲੈਣ-ਦੇਣ 'ਤੇ ਅਮਨ ਅਰੋੜਾ ਤੇ ਸਾਥੀਆਂ ਨਾਲ ਵਿਵਾਦ ਹੋ ਗਿਆ। ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ ਤੇ ਦੋਵਾਂ ਧਿਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ-ਦੂਜੇ 'ਤੇ ਹਮਲਾ ਕਰ ਦਿੱਤਾ। ਸਿੱਟੇ ਵਜੋਂ ਦੋਵੇਂ ਧਿਰਾਂ ਦੇ ਕਈ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਪੁਲਿਸ ਜਦੋਂ ਮੌਕੇ 'ਤੇ ਪੁੱਜੀ ਤਾਂ ਜ਼ਖ਼ਮੀ ਨੌਜਵਾਨ ਸਿਵਲ ਹਸਪਤਾਲ ਜਾ ਚੁੱਕੇ ਸਨ ਜਿੱਥੇ ਉਨ੍ਹਾਂ ਦੀ ਡਾਕਟਰ ਨਾਲ ਵੀ ਧੱਕਾ-ਮੁੱਕੀ ਹੋਈ। ਸਿਵਲ ਹਸਪਤਾਲ 'ਚੋਂ ਪਤਾ ਲੱਗਾ ਕਿ ਇਕ ਧਿਰ ਦੇ ਨੌਜਵਾਨ ਆਰਥੋਨੋਵਾ ਤੇ ਦੂਜੀ ਧਿਰ ਦੇ ਸੱਤਿਅਮ ਹਸਪਤਾਲ 'ਚ ਦਾਖਲ ਹਨ। ਪੁਲਿਸ ਨੂੰ ਆਰਥੋਨੋਵਾ ਹਸਪਤਾਲ 'ਚ ਦਾਖਲ ਚੰਦਨ ਮਾਘਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਦਫਤਰ 'ਚ ਬੈਠੇ ਸਨ ਕਿ ਅਮਨ ਅਰੋੜਾ ਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਤੇ ਉਸ ਦੇ ਦਰਾਜ 'ਚ ਪਏ ਪੰਜ ਲੱਖ ਰੁਪਏ ਲੁੱਟ ਕੇ ਲੈ ਗਏ ਜਦਕਿ ਅਮਨ ਅਰੋੜਾ ਨੇ ਬਿਆਨ ਦਿੱਤੇ ਕਿ ਜੂਏ ਦੇ ਪੈਸਿਆਂ ਨੂੰ ਲੈ ਕੇ ਤਕਰਾਰ ਹੋਇਆ। ਚੰਦਨ ਮਾਘਾ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਅਮਨ ਨੇ ਇਹ ਵੀ ਦੱਸਿਆ ਕਿ ਪੁਲਿਸ ਦੀ ਮੌਜੂਦਗੀ 'ਚ ਹੀ ਮਾਘਾ ਤੇ ਉਸ ਦੇ ਸਾਥੀਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਬਿਆਨਾਂ 'ਤੇ ਚੰਦਨ ਮਾਘਾ, ਰਾਹੁਲ ਅਰੋੜਾ, ਦਿਨੇਸ਼ ਵਰਮਾ, ਅਮਿਤ ਅਰੋੜਾ, ਵਿਨੋਦ ਉਰਫ ਕਾਲਾ, ਭਾਰਤ ਸਿੰਘ ਉਰਫ ਮੋਨੂੰ, ਜੰਗੀ, ਅਮਨ ਅਰੋੜਾ, ਕਮਲਪ੍ਰਰੀਤ ਸਿੰਘ ਉਰਫ ਗਿਆਨੀ, ਹੈਪੀ ਤੇ 7-8 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਿਨੋਦ ਉਰਫ ਕਾਲਾ, ਭਰਤ ਸਿੰਘ ਉਰਫ਼ ਮੋਨੂੰ, ਸੇਵਾ ਕੁਮਾਰ, ਪੰਕਜ ਕੁਮਾਰ ਤੇ ਅਵਤਾਰ ਸਿੰਘ ਨੂੰ ਗਿ੍ਫਤਾਰ ਕਰ ਲਿਆ ਹੈ ਜਦਕਿ ਹਸਪਤਾਲ 'ਚ ਦਾਖਲ ਜੁਆਰੀਆਂ ਦੀ ਗਿ੍ਫਤਾਰੀ ਲਈ ਪੁਲਿਸ ਹਸਪਤਾਲ 'ਚ ਵੀ ਤਾਇਨਾਤ ਕਰ ਦਿੱਤੀ ਗਈ ਹੈ ਜਿਉਂ ਹੀ ਡਾਕਟਰਾਂ ਵੱਲੋਂ ਛੁੱਟੀ ਦਿੱਤੀ ਜਾਵੇਗੀ, ਉਨ੍ਹਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ।