ਜੇਐੱਨਐੱਨ, ਜਲੰਧਰ : ਨਕੋਦਰ ਰੋਡ 'ਤੇ ਖ਼ਾਲਸਾ ਸਕੂਲ ਨੇੜੇ ਸਥਿਤ ਸੈਨੇਟਰੀ ਸ਼ੋਅਰੂਮ 'ਤੇ ਸ਼ਨਿਚਰਵਾਰ ਨੂੰ ਟਾਈਲਾਂ ਵਾਪਸ ਕਰਨ ਲੈ ਕੇ ਹੋਏ ਵਿਵਾਦ 'ਚ ਗੋਲੀਆਂ ਚੱਲ ਗਈਆਂ। ਇਕ ਤੋਂ ਬਾਅਦ ਲਗਾਤਾਰ ਤਿੰਨ ਫਾਇਰ ਹੋਏ। ਸੈਨੇਟਰੀ ਸ਼ੋਅਰੂਮ ਮਾਲਕ ਬੀਐੱਸਐੱਫ ਦੇ ਸੇਵਾਮੁਕਤ ਕਮਾਂਡੈਂਟ ਹਰਦਵਾਰੀ ਲਾਲ ਅਤੇ ਉਨ੍ਹਾਂ ਦੀ ਪਤਨੀ ਹਮਲੇ 'ਚ ਵਾਲ-ਵਾਲ ਬਚ ਗਏ ਜਦਕਿ ਉਨ੍ਹਾਂ ਦਾ ਪੁੱਤਰ ਸ਼ਿਵਮ ਸਿਰ 'ਤੇ ਬੇਸਬੈਟ ਲੱਗਣ ਨਾਲ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਏਡੀਸੀਪੀ ਸੁਡਰਵਿਜ਼ੀ, ਏਸੀਪੀ ਦਲਬੀਰ ਸਿੰਘ ਬੁੱਟਰ ਤੇ ਤਿੰਨ ਥਾਣਿਆਂ ਦੀ ਪੁਲਿਸ ਮੌਕੇ 'ਤੇ ਪੁੱਜ ਗਈ। ਦੇਰ ਰਾਤ ਤਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।

ਪੁਲਿਸ ਨੂੰ ਦਿੱਤੇ ਬਿਆਨ 'ਚ ਹਰਦਵਾਰੀ ਲਾਲ ਨੇ ਦੱਸਿਆ ਕਿ ਉਹ ਸੇਵਾਮੁਕਤ ਸਹਾਇਕ ਕਮਾਂਡੈਂਟ ਦੇ ਨਾਲ-ਨਾਲ ਹਾਕੀ ਦਾ ਕੌਮੀ ਖਿਡਾਰੀ ਵੀ ਹੈ। ਉਹ ਆਪਣੇ ਦੇਸ਼ ਲਈ ਕਈ ਮੈਡਲ ਜਿੱਤ ਚੁੱਕੇ ਹਨ। ਬੀਤੀਆਂ ਵਿਧਾਨ ਸਭਾ ਚੋਣਾਂ 'ਚ ਉਹ ਬਸਪਾ ਵੱਲੋਂ ਚੋਣ ਵੀ ਲੜ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਪਹਿਲਾਂ ਉਸ ਦੀ ਦੁਕਾਨ 'ਤੇ ਬਸਤੀ ਮਿੱਠੂ ਤੋਂ ਇਕ ਵਿਅਕਤੀ ਆਇਆ ਅਤੇ ਟਾਈਲਾਂ ਦੇ 52 ਡੱਬੇ ਖ਼ਰੀਦੇ। ਸ਼ਨਿਚਰਵਾਰ ਦੇਰ ਸ਼ਾਮ ਉਹ ਵਿਅਕਤੀ ਦੁਕਾਨ 'ਤੇ ਆਇਆ ਤੇ ਕਹਿਣ ਲੱਗਾ ਕਿ 26 ਡੱਬੇ ਬਚ ਗਏ ਹਨ ਉਸ ਨੂੰ ਵਾਪਸ ਲੈ ਲਓ। ਹਰਦਵਾਰੀ ਲਾਲ ਨੇ ਦੱਸਿਆ ਕਿ ਜਦੋਂ ਉਕਤ ਵਿਅਕਤੀ ਨੂੰ ਤਿੰਨ-ਚਾਰ ਡੱਬੇ ਵਾਪਸ ਦੀ ਗੱਲ ਕਹੀ ਗਈ ਤੇ ਸਮਝਾਇਆ ਕਿ ਏਨਾ ਮਾਲ ਵਾਪਸ ਨਹੀਂ ਹੋ ਸਕਦਾ ਤਾਂ ਉਕਤ ਵਿਅਕਤੀ ਗਾਲੀ-ਗਲੋਚ ਤੇ ਵਿਵਾਦ ਕਰਨ ਲੱਗਾ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਧਮਕਾਉਣ ਲੱਗ ਪਿਆ। ਇਸ ਵਿਚਾਲੇ ਉਸ ਨੇ ਆਪਣੇ ਹੋਰ 20-25 ਸਾਥੀ ਸੱਦ ਲਏ। ਜਿਵੇਂ ਹੀ ਉਹ ਦੁਕਾਨ ਬੰਦ ਕਰਨ ਲੱਗਾ ਤਾਂ ਉਕਤ ਲੋਕਾਂ ਨੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਘਰ ਸ਼ੋਅਰੂਮ ਦੇ ਪਿੱਛੇ ਹੈ। ਉਨ੍ਹਾਂ ਦੀ ਪਤਨੀ ਅਲਕਾ ਜਦੋਂ ਸ਼ੋਅਰੂਮ ਤੋਂ ਬਾਹਰ ਆਈ ਤਾਂ ਉਸ 'ਤੇ ਵੀ ਹਮਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਪੁੱਤਰ ਸ਼ਿਵਮ ਬਚਾਅ ਲਈ ਆਇਆ ਤਾਂ ਉਸ 'ਤੇ ਤੇਜ਼ਧਾਰ ਹਥਿਆਰ ਤੇ ਬੇਸਬੈਟ ਨਾਲ ਹਮਲਾ ਕਰ ਦਿੱਤਾ। ਇਸ ਵਿਚਾਲੇ ਹਮਲਾਵਰਾਂ ਨੇ ਲਗਾਤਾਰ ਤਿੰਨ ਹਵਾਈ ਫਾਇਰ ਵੀ ਕੀਤੇ। ਗੋਲੀਆਂ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਇਕ ਨੌਜਵਾਨ ਨੂੰ ਰਾਊਂਡਅੱਪ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਮਿੱਠੂ ਬਸਤੀ ਦੇ ਰਹਿਣ ਵਾਲੇ ਹਨ। ਦੇਰ ਰਾਤ ਪੁਲਿਸ ਹਮਲਾਵਰਾਂ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ।

ਸੀਸੀਟੀਵੀ ਕੈਮਰੇ 'ਚ ਕੈਦ ਹੋਈ ਘਟਨਾ

ਨਕੋਦਰ ਰੋਡ 'ਤੇ ਸੈਨੇਟਰੀ ਸ਼ੋਅਰੂਮ ਦੇ ਬਾਹਰ ਗੋਲੀ ਚਲਾਉਣ ਦੀ ਘਟਨਾ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਸੀਸੀਟੀਵੀ ਕੈਮਰੇ 'ਚ ਹਮਲਾਵਰਾਂ ਦੀ ਹੱਥੋਪਾਈ, ਭੱਜਦੇ ਹਮਲਾਵਰ ਅਤੇ ਇਥੋਂ ਤਕ ਕਿ ਉਥੇ ਹੋਇਆ ਸਾਰਾ ਗੁੰਡਾਗਰਦੀ ਦਾ ਨੰਗਾ ਨਾਚ ਵੀ ਕੈਦ ਹੋ ਗਿਆ। ਦੇਰ ਰਾਤ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।

ਲੋਕਾਂ ਨੇ ਬਣਾਈ ਵੀਡੀਓ

ਹਰਦਵਾਰੀ ਲਾਲ ਦੇ ਸ਼ੋਅਰੂਮ ਦੇ ਬਾਹਰ ਜਦੋਂ ਹਮਲਾ ਹੋਇਆ ਤਾਂ ਉਥੇ ਮੌਜੂਦ ਲੋਕਾਂ ਨੇ ਸਾਰੀ ਘਟਨਾ ਆਪੋ-ਆਪਣੇ ਮੋਬਾਈਲਾਂ 'ਚ ਕੈਦ ਕਰ ਲਈ। ਵੀਡੀਓ 'ਚ ਕਾਰ 'ਚ ਬੈਠਾ ਇਕ ਹਮਲਾਵਰ ਪਿਸਤੌਲ 'ਚ ਗੋਲੀਆਂ ਲੋਡ ਕਰਦਾ ਨਜ਼ਰ ਆ ਰਿਹਾ ਹੈ। ਲੋਕ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਲੋਕਾਂ ਨੇ ਉਸ ਦੀ ਪਿਸਤੌਲ ਤਕ ਖੋਹਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ।

ਲੋਕ ਸਹਿਮੇ, ਮਚੀ ਹਫੜਾ-ਦਫੜੀ

ਇਲਾਕੇ 'ਚ ਗੋਲੀਆਂ ਚੱਲਣ ਦੀ ਸੁੂਚਨਾ ਮਿਲਦਿਆਂ ਹੀ ਦਹਿਸ਼ਤ ਫੈਲ ਗਈ। ਗੋਲੀਆਂ ਚੱਲਦਿਆਂ ਹੀ ਉਥੇ ਮੌਜੂਦ ਲੋਕਾਂ 'ਚ ਭਾਜੜ ਮਚ ਗਈ। ਪੁਲਿਸ ਦੇ ਆਉਣ ਤਕ ਇਲਾਕੇ 'ਚ ਅਜਿਹਾ ਗੁੰਡਾਗਰਦੀ ਦਾ ਨਾਚ ਹੋਇਆ ਕਿ ਕਰੀਬ ਪੌਣਾ ਘੰਟਾ ਸਿਵਾਏ ਹਮਲਾਵਰਾਂ ਅਤੇ ਖ਼ੁਦ ਦਾ ਬਚਾਅ ਕਰਦੇ ਲੋਕਾਂ ਤੋਂ ਇਲਾਵਾ ਕੁਝ ਨਜ਼ਰ ਨਹੀਂ ਆ ਰਿਹਾ ਸੀ।

ਦੂਜੀ ਧਿਰ ਦਾ ਜ਼ਖ਼ਮੀ ਵੀ ਪੁੱਜਾ ਸਿਵਲ ਹਸਪਤਾਲ

ਘਟਨਾ ਤੋਂ ਬਾਅਦ ਲਵਲੀ ਨਾਂ ਦਾ ਨੌਜਵਾਨ ਵੀ ਸਿਵਲ ਹਸਪਤਾਲ 'ਚ ਦਾਖਲ ਹੋਇਆ ਜੋ ਮਿੱਠੂ ਬਸਤੀ ਦੇ ਅਰਜੁਨ ਨਗਰ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਸੀ ਕਿ ਉਹ ਵੀ ਹਮਲੇ 'ਚ ਜ਼ਖ਼ਮੀ ਹੋਇਆ। ਹਾਲਾਂਕਿ ਉਹ ਦੂਜੀ ਧਿਰ ਵੱਲੋਂ ਆਇਆ ਸੀ। ਜਦੋਂ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਬਿਆਨ ਦੇਣ ਦੀ ਹਾਲਾਤ 'ਚ ਨਾ ਹੋਣ ਦੀ ਗੱਲ ਕਹੀ। ਰਾਤ ਤਕ ਉਸ ਨੇ ਪੁਲਿਸ ਨੂੰ ਵੀ ਆਪਣੇ ਬਿਆਨ ਨਹੀਂ ਦਿੱਤੇ ਸਨ।

ਸਿਵਲ ਹਸਪਤਾਲ 'ਚੋਂ ਫੜਿਆ ਸ਼ੱਕੀ

ਹਮਲੇ 'ਚ ਜ਼ਖ਼ਮੀ ਹਰਦਵਾਰੀ ਲਾਲ ਦੇ ਪੁੱਤਰ ਸ਼ਿਵਮ ਨੂੰ ਜਦੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਥੇ ਇਕ ਵਿਅਕਤੀ ਖੜ੍ਹਾ ਸੀ। ਉਸ ਨੂੰ ਦੇਖਦਿਆਂ ਹੀ ਸ਼ਿਵਮ, ਪਿਤਾ ਹਰਦਵਾਰੀ ਲਾਲ ਤੇ ਸਾਥੀਆਂ ਨੇ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਦੱਸਿਆ। ਹਾਲਾਂਕਿ ਨੌਜਵਾਨ ਕਹਿ ਰਿਹਾ ਸੀ ਕਿ ਉਸ ਨੇ ਗੋਲੀ ਨਹੀਂ ਚਲਾਈ ਅਤੇ ਨਾ ਹੀ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਿਸ ਨੇ ਉਕਤ ਨੌਜਵਾਨ ਨੂੰ ਰਾਊਂਡਅੱਪ ਕਰ ਲਿਆ। ਏਡੀਸੀਪੀ ਸੁਡਰਵਿਜ਼ੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਤੇ ਵੀਡੀਓ ਹਾਸਲ ਕਰ ਲਈ ਗਈ ਹੈ। ਜ਼ਖ਼ਮੀਆਂ ਦੇ ਵੀ ਬਿਆਨ ਵੀ ਦਰਜ ਕਰ ਲਏ ਹਨ, ਜਾਂਚ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।