ਅਮਰਜੀਤ ਸਿੰਘ ਵੇਹਗਲ, ਜਲੰਧਰ : ਅੰਮਿ੍ਤ ਵਿਹਾਰ 'ਚ ਐੱਨਕੇ ਪਿ੍ਰੰਟਰ ਦੀ ਤਿੰਨ ਮੰਜ਼ਿਲਾਂ ਦੁਕਾਨ 'ਤੇ ਦੇਰ ਰਾਤ ਲੱਗੀ ਅੱਗ ਬੁਝਾਉਣ ਲਈ ਫਾਇਰ ਬਿ੍ਗੇਡ ਦੀ ਟੀਮ ਨਾਲ ਦੁਕਾਨ ਮਾਲਕ ਦੇ ਪੁੱਤਰ ਵੱਲੋਂ ਬਦਸਲੂਕੀ ਕੀਤੀ ਗਈ। ਜ਼ਖਮੀ ਫਾਇਰ ਬਿ੍ਗੇਡ ਦੇ ਮੁਲਾਜ਼ਮ ਲਲਿਤ ਕੁਮਾਰ, ਕਿਰਨ ਬਾਲੀ ਤੇ ਅਮਨਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ 'ਤੇ ਉਹ ਵੇਰਕਾ ਮਿਲਕ ਪਲਾਂਟ ਨੇੜੇ ਤਿੰਨ ਮੰਜ਼ਿਲਾਂ ਇਮਾਰਤ ਨੂੰ ਲੱਗੀ ਅੱਗ ਬੁਝਾਉਣ ਗਏ। ਉਹ ਅੱਗ ਬੁਝਾ ਹੀ ਰਹੇ ਸਨ ਕਿ ਇਕ ਵਿਅਕਤੀ ਵੱਲੋਂ ਵੀਡੀਓ ਬਣਾਏ ਜਾਣ 'ਤੇ ਦੁਕਾਨ ਮਾਲਕ ਨਵਲ ਕਿਸ਼ੋਰ ਦੇ ਪੁੱਤਰ ਦਾ ਵਿਵਾਦ ਹੋ ਗਿਆ ਜਿਸ ਉਪਰੰਤ ਦੁਕਾਨ ਮਾਲਕ ਦੇ ਪੁੱਤਰ ਨੇ ਉਨ੍ਹਾਂ ਨਾਲ ਵੀ ਗਾਲ੍ਹੀ ਗਲੋਚ ਤੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅੱਗ ਦਾ ਸੇਕ ਲੱਗਣ ਦੌਰਾਨ ਉਹ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਫਾਇਰ ਬਿ੍ਗੇਡ ਦੇ ਕਾਮੇ ਨੇ ਦੱਸਿਆ ਕਿ ਝਗੜੇ ਉਪਰੰਤ ਮਾਲਕ ਦਾ ਪੁੱਤਰ ਫਰਾਰ ਹੋ ਗਿਆ। ਮੌਕੇ 'ਤੇ ਪੁੱਜੇ ਥਾਣਾ ਡਵੀਜ਼ਨ-1 ਦੇ ਏਐੱਸਆਈ ਸਤਵਿੰਦਰ ਸਿੰਘ ਨੇ ਕਿਹਾ ਕਿ ਦੁਕਾਨ ਮਾਲਕ ਦੇ ਪੁੱਤਰ ਵੱਲੋਂ ਫਾਇਰ ਬਿ੍ਗੇਡ ਮੁਲਾਜ਼ਮਾਂ ਨਾਲ ਕੋਈ ਵੀ ਵਿਵਾਦ ਨਹੀਂ ਕੀਤਾ ਗਿਆ, ਬਲਕਿ ਨਸ਼ੇ ਦੀ ਹਾਲਤ 'ਚ ਭੀੜ 'ਚੋਂ ਇਕ ਵਿਅਕਤੀ ਵੱਲੋਂ ਵਿਵਾਦ ਕਰਨ 'ਤੇ ਮੁਲਾਜ਼ਮ ਝੁਲਸੇ ਹਨ।

ਦੁਕਾਨ ਦੇ ਮਾਲਕ ਨਵਲ ਕਿਸ਼ੋਰ ਨੇ ਦੱਸਿਆ ਕਿ ਰਾਤ ਸਮੇਂ ਦੁਕਾਨ ਬੰਦ ਕਰ ਕੇ ਗਿਆ ਤਾਂ ਉਨ੍ਹਾਂ ਨੂੰ ਆਲੇ ਦੁਆਲੇ ਦੇ ਲੋਕਾਂ ਨੇ ਟੈਲੀਫੋਨ ਕਰ ਕੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਉਨ੍ਹਾਂ ਦਾ ਲਗਪਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਝਗੜੇ ਬਾਰੇ ਦੁਕਾਨ ਮਾਲਕ ਨਵਲ ਕਿਸ਼ੋਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ।

ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕੇ 'ਚ ਸਥਿਤ ਤਿੰਨ ਮੰਜ਼ਿਲਾਂ ਦੁਕਾਨ ਵਿਚ ਕੈਮੀਕਲ ਰਾਹੀਂ ਪਿ੍ਰੰਟਿੰਗ ਦਾ ਕੰਮ ਕੀਤਾ ਜਾਂਦਾ ਹੈਜੋ ਕਿ ਇਲਾਕਾ ਵਾਸੀਆਂ ਲਈ ਘਾਤਕ ਹੈਤੇ ਕਿਸੇ ਵੇਲੇ ਵੀ ਕੋਈ ਹੋਰ ਵੀ ਘਟਨਾ ਵਾਪਰ ਸਕਦੀ ਹੈ। ਰਿਹਾਇਸ਼ੀ ਇਲਾਕੇ 'ਚ ਅਜਿਹਾ ਕਾਰੋਬਾਰ ਬੰਦ ਹੋਣਾ ਚਾਹੀਦਾ ਹੈ।