ਜੇਐੱਨਐੱਨ, ਜਲੰਧਰ : ਸ਼ਹਿਰ ਦੇ ਥਾਣਾ ਡਵੀਜ਼ਨ-2 ਤਹਿਤ ਆਉਂਦੇ ਵਰਕਸ਼ਾਪ ਚੌਕ ਨੇੜੇ ਸਥਿਤ ਮਾਮੇ ਦੇ ਢਾਬੇ ਕੋਲ ਸ਼ੁੱਕਰਵਾਰ ਦੇਰ ਰਾਤ ਕਰੀਬ 9.15 ਇਕ ਇਨੋਵਾ ਸਵਾਰ ਨੌਜਵਾਨ ਦੀ ਲਾਇਸੈਂਸੀ ਰਿਵਾਲਵਰ 'ਚੋਂ ਸੀਟ ਬੈਲਟ ਖੋਲ੍ਹਦੇ ਸਮੇਂ ਗੋਲ਼ੀ ਚੱਲ ਗਈ। ਖੁਸ਼ਕਿਸਮਤੀ ਇਹ ਰਹੀ ਹੈ ਕਿ ਗੋਲੀ ਕਿਸੇ ਨੂੰ ਨਹੀਂ ਲੱਗੀ। ਘਟਨਾ ਦੇ ਸਮੇਂ ਨੌਜਵਾਨ ਨਾਲ ਤਿੰਨ ਤੇ ਹੋਰ ਵੀ ਕਾਰ 'ਚ ਸਵਾਰ ਸਨ। ਘਟਨਾ ਸਮੇਂ ਮੌਕੇ 'ਤੇ ਹੀ ਮੌਜੂਦ ਥਾਣਾ ਡਵੀਜ਼ਨ-2 ਦੀ ਪੁਲਿਸ ਨੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਤੇ ਉਸ ਨੂੰ ਥਾਣੇ ਲੈ ਕੇ ਆਈ ਜਿਸ ਖ਼ਿਲਾਫ਼ ਪੁਲਿਸ ਨੇ ਹਥਿਆਰ ਲਾਇਸੈਂਸ ਦੀ ਜਾਂਚ ਕਰਨ ਬਾਅਦ ਦੇਰ ਰਾਤ ਸਬੰਧਤ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ। ਗਿ੍ਫ਼ਤਾਰ ਨੌਜਵਾਨ ਦੀ ਪਚਾਣ ਨਵਦੀਪ ਕਾਲੀਆ ਪੁੱਤਰ ਬਲਦੇਵ ਸ਼ਰਮਾ ਨਿਵਾਸੀ ਟਾਵਰ ਇਨਕਲੇਵ ਵਜੋਂ ਹੋਈ ਹੈ। ਗਿ੍ਫ਼ਤਾਰ ਕੀਤਾ ਗਿਆ ਨੌਜਵਾਨ ਪੈਥੋਲਾਜੀ ਦਾ ਮਾਲਕ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰ. 2 ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਇਕ ਥਾਣਾ ਡਵੀਜ਼ਨ ਦੀ ਪੁਲਿਸ ਦੇਰ ਰਾਤ ਵਰਕਸ਼ਾਪ ਚੌਕ ਨੇੜੇ ਮੌਜੂਦ ਸੀ, ਜਿਥੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪੁਲਿਸ ਮਾਮੇ ਦੇ ਢਾਬੇ ਸਾਹਮਣੇ ਪੁੱਜੀ। ਜਿਥੋਂ ਪੁਲਿਸ ਨੇ ਇਕ ਇਨੋਵਾ ਕਾਰ ਸਵਾਰ ਨੌਜਵਾਨ ਨੂੰ ਗਿ੍ਫ਼ਤਾਰ ਕਰਦਿਆਂ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਨੌਜਵਾਨ ਦੇ ਲਾਇਸੈਂਸੀ .32 ਬੋਰ ਦੀ ਰਿਵਾਲਵਰ ਤੇ ਅਸਲਾ ਲਾਇਸੈਂਸ ਨੂੰ ਵੀ ਜਾਂਚ ਲਈ ਆਪਣੇ ਕਬਜ਼ੇ 'ਚ ਲਿਆ ਹੈ। ਘਟਨਾ ਸਮੇਂ ਗਿ੍ਫ਼ਤਾਰ ਕੀਤਾ ਗਿਆ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਧੁੱਤ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।