ਜੇਐੱਨਐੱਨ, ਜਲੰਧਰ : ਸਿਵਲ ਹਸਪਤਾਲ 'ਚ ਅੱਗ ਨਾਲ ਝੁਲਸੇ ਮਰੀਜ਼ਾਂ ਲਈ ਇਲਾਜ ਦੀ ਵਿਵਸਥਾ ਹੈ ਪਰ ਸਟਾਫ ਕਰਨ 'ਚ ਅਸਮਰੱਥ ਹੈ। ਉਥੇ ਹਸਪਤਾਲ 'ਚ ਲੱਗੇ ਅੱਗ ਬੁਝਾਊ ਯੰਤਰ ਵੀ ਬਿਮਾਰ ਹਨ। ਸਿਵਲ ਹਸਪਤਾਲ ਦੀ 550 ਬੈੱਡਾਂ ਦੀ ਸਮਰੱਥਾ ਹੈ। ਰੋਜ਼ਾਨਾ ਦੋ-ਤਿੰਨ ਹਜ਼ਾਰ ਲੋਕ ਇਥੇ ਪੁੱਜਦੇ ਹਨ। ਅੱਗ ਲੱਗਣ ਵਰਗੀਆਂ ਘਟਨਾਵਾਂ ਹੋਣ 'ਤੇ ਬਚਾਅ ਲਈ ਕੀਤੇ ਗਏ ਪ੍ਰਬੰਧ ਨਾਕਾਫੀ ਹਨ। ਹਸਪਤਾਲ ਦੇ ਓਪੀਡੀ ਕੰਪਲੈਕਸ ਵਾਲੀ ਇਮਾਰਤ ਦੇ ਆਲੇ-ਦੁਆਲੇ ਅੱਗ ਬੁਝਾਊ ਯੰਤਰ ਟੁੱਟ ਚੁੱਕੇ ਹਨ। ਉਥੇ ਵਾਰਡਾਂ ਤੇ ਓਪੀਡੀ ਕੰਪਲੈਕਸ 'ਚ ਯੰਤਰ ਖਰਾਬ ਪਏ ਹਨ ਤੇ ਕਈ ਜਗ੍ਹਾ 'ਤੇ ਪਾਈਪਾਂ ਹੀ ਨਹੀਂ ਲੱਗੀਆਂ। ਜੱਚਾ-ਬੱਚਾ ਵਾਰਡ ਤੇ ਓਪੀਡੀ ਕੰਪਲੈਕਸ 'ਚ ਗੈਸ ਸਿਲੰਡਰ ਲੱਗੇ ਹਨ ਪਰ ਵਾਰਡਾਂ 'ਚ ਯੰਤਰਾਂ ਦੀ ਘਾਟ ਹੈ। ਕਈ ਜਗ੍ਹਾ 'ਤੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਮਿਆਦ ਪੁੱਗ ਚੁੱਕੀ ਹੈ। ਹਸਪਤਾਲ ਦੀ ਬੇਸਮੈਂਟ 'ਚ ਵੀ ਉਪਕਰਨਾਂ ਦੀ ਸਥਿਤੀ ਤਰਸਯੋਗ ਹੈ। ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਸੀਮਾ ਦਾ ਕਹਿਣਾ ਹੈ ਕਿ ਹਸਪਤਾਲ ਦੀ ਟੀਮ ਵੱਲੋਂ ਅੱਗ ਬੁਝਾਊ ਯੰਤਰਾਂ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਆਡਿਟ ਕੀਤਾ ਹੈ। ਇਸ ਦੌਰਾਨ ਪਾਈਆਂ ਗਈਆਂ ਖਾਮੀਆਂ ਦੂਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਥੇ ਫਾਇਰ ਬਿ੍ਗੇਡ ਵਿਭਾਗ ਦੇ ਫਾਇਰ ਸੇਫਟੀ ਅਫਸਰ ਵਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਹ ਵੀਰਵਾਰ ਨੂੰ ਸਿਵਲ ਹਸਪਤਾਲ 'ਚ ਗਏ ਸਨ। ਉਨ੍ਹਾਂ ਨੇ ਹਸਪਤਾਲ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਵਿਭਾਗ ਨੂੰ ਹਸਪਤਾਲ 'ਚ ਅੱਗ ਬੁਝਾਉਣ ਲਈ ਕੀਤੀ ਗਈ ਵਿਵਸਥਾ ਤੇ ਲਾਏ ਗਏ ਉਪਕਰਨਾਂ ਦੀ ਸੂਚੀ ਸੌਂਪਣ ਦੀ ਗੱਲ ਕਹੀ ਹੈ। ਉਸ ਤੋਂ ਬਾਅਦ ਵਿਭਾਗ ਦੀ ਟੀਮ ਸਥਿਤੀ ਦਾ ਜਾਇਜ਼ਾ ਲਵੇਗੀ।