ਜਾਗਰਣ ਸੰਵਾਦਦਾਤਾ, ਜਲੰਧਰ : ਇੰਡਸਟਰੀ ਏਰੀਆ 'ਚ ਸ਼ਨਿਚਰਵਾਰ ਨੂੰ ਦੁਪਹਿਰ ਨੂੰ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਹੈਡਸਨ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਜਾਂ ਕਿਸ ਚੰਗਿਆੜੀ ਦੀ ਵਜ੍ਹਾ ਨਾਲ ਲੱਗੀ ਹੈ। ਅੱਗ ਨਾਲ ਫੈਕਟਰੀ 'ਚ ਪਿਆ ਸਾਰਾ ਸਾਮਾਨ ਜਲਣਸ਼ੀਲ ਸੀ ਜਿਸ ਦੇ ਚਲਦੇ ਅੱਗ ਤੇਜ਼ੀ ਨਾਲ ਭੜਕੀ। ਅੱਗ ਬੁਝਾਊ ਵਿਭਗਾ ਦੀਆਂ ਕਰੀਬ ਅੱਧਾ ਦਰਜਨ ਗੱਡੀਆਂ ਨੇ ਚਾਰ ਘੰਟੇ ਤੋਂ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਵਿਧਾਇਕ ਰਮਨ ਅਰੋੜਾ ਵੀ ਮੌਕੇ 'ਤੇ ਪੁੱਜੇ। ਹੈਡਸਨ ਫੈਕਟਰੀ ਮਾਲਕ ਰਾਜਨ ਨੇ ਦੱਸਿਆ ਕਿ ਫੈਕਟਰੀ 'ਚ ਪਲਾਸਟਿਕ ਦੇ ਦਾਣੇ ਤੋਂ ਲੈ ਕੇ ਬੈਗ ਤੇ ਹੋਰ ਕਈ ਕਈ ਤਰ੍ਹਾਂ ਦਾ ਸਾਮਾਨ ਬਣਾਇਆ ਜਾਂਦਾ ਹੈ। ਅੱਗ ਲੱਗਣ ਨਾਲ ਫੈਕਟਰੀ 'ਚ ਪਈਆਂ 80-80 ਲੱਖ ਦੀਆਂ ਮਸ਼ੀਨਾਂ, ਲੱਖਾਂ ਰੁਪਏ ਦਾ ਕੈਮੀਕਲ, ਕੱਚਾ ਤੇ ਤਿਆਰ ਮਾਲ ਸੜ ਕੇ ਰਾਖ ਹੋ ਗਿਆ।

ਅੱਗ ਲੱਗਣ ਨਾਲ ਫੈਕਟਰੀ ਮਾਲਕ ਰਾਜਨ ਸਮੇਤ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਾਲਾਂ ਦੀ ਮਿਹਨਤ ਨਾਲ ਫੈਕਟਰੀ ਖੜ੍ਹੀ ਕੀਤੀ ਸੀ ਪਰ ਅੱਗ ਨਾਲ ਸਭ ਕੁਝ ਹੀ ਸੜ ਕੇ ਰਾਖ ਹੋ ਗਿਆ। ਉਥੇ ਅੱਗ ਬੁਝਾਊ ਵਿਭਾਗ ਦੇ ਫਾਇਰ ਅਫਸਪ ਰਾਜਿੰਦਰ ਦਾ ਕਹਿਣਾ ਸੀ ਕਿ ਅੱਗ ਜਾਂ ਤਾਂ ਸ਼ਾਰਟ ਸਰਕਟ ਨਾਲ ਲੱਗੀ ਹੈ ਜਾਂ ਗਰਮੀ ਕਾਰਨ ਕਿਸੇ ਚੰਗਿਆੜੀ ਨੇ ਅੱਗ ਨੂੰ ਫੜ ਲਿਆ ਤੇ ਪਲਾਸਟਿਕ ਦਾ ਸਾਮਾਨ ਹੋਣ ਕਾਰਨ ਅੱਗ ਤੇਜ਼ੀ ਨਾਲ ਭੜਕ ਉੱਠੀ। ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਫੈਕਟਰੀ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।