ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ : ਪਿੰਡ ਪਤਾਰਾ ਦੇ ਨਾਲ ਲੱਗਦੇ ਪਿੰਡ ਬੇਗਮਪੁਰਾ 'ਚ ਮੌਜੂਦ ਗਰੇਸ ਐਂਡ ਗਰੇਸ ਇੰਟਰਪ੍ਰਰਾਇਜ਼ਜ਼ ਨਾਮਕ ਜੈਕਟਾਂ ਬਣਾਉਣ ਵਾਲੀ ਫੈਕਟਰੀ 'ਚ ਬੀਤੀ ਰਾਤ ਕਰੀਬ 1 ਵਜੇ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦੇ ਫੈਕਟਰੀ ਮਾਲਕ ਰਾਮ ਕੁਮਾਰ ਪੁੱਤਰ ਚਿੰਤਾ ਪ੍ਰਸਾਦ ਵਾਸੀ ਪਿੰਡ ਪਤਾਰਾ, ਹਾਲ ਵਾਸੀ ਪਿੰਡ ਬੇਗਮਪੁਰਾ ਨੇ ਦੱਸਿਆ ਕਿ ਉਹ ਕਰੀਬ ਰਾਤ 11 ਵਜੇ ਫੈਕਟਰੀ 'ਚੋਂ ਕੰਮ ਕਰਕੇ ਖਾਣਾ ਖਾ ਕੇ ਫੈਕਟਰੀ ਥੱਲੇ ਮੌਜੂਦ ਘਰ 'ਚ ਸੁੱਤੇ ਸਨ। ਰਾਤ ਕਰੀਬ ਇੱਕ ਵਜੇ ਛੱਤ ਉਪਰ ਕੁਝ ਚੀਜ਼ਾਂ ਡਿੱਗਣ ਦੀਆਂ ਉਨ੍ਹਾਂ ਨੂੰ ਅਵਾਜ਼ਾਂ ਸੁਣਾਈ ਦਿੱਤੀਆਂ। ਉਨ੍ਹਾਂ ਛੱਤ ਉਪਰ ਜਾ ਕੇ ਦੇਖਿਆ ਤਾਂ ਸਾਰੀ ਫੈਕਟਰੀ 'ਚੋਂ ਅੱਗ ਦੀ ਲਪਟਾਂ ਨਿਕਲ ਰਹੀਆਂ ਸਨ। ਉਨ੍ਹਾਂ ਕਿਹਾ ਅਸੀਂ ਤਰੁੰਤ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜੋ ਕਿ ਕਰੀਬ 30 ਮਿੰਟਾਂ 'ਚ ਉਨ੍ਹਾਂ ਪਾਸ ਪੁੱਜ ਗਏ ਤੇ ਸਾਰੀ ਅੱਗ ਬੁਝਾਈ। ਉਨ੍ਹਾਂ ਥਾਣਾ ਪਤਾਰਾ ਦੇਹਾਤੀ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ। ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਇਹ ਫੈਕਟਰੀ 2016 'ਚ ਪਿੰਡ ਬੇਗਮਪੁਰਾ ਵਿਖੇ ਸ਼ਿਫਟ ਕੀਤੀ ਸੀ ਤੇ ਫੈਕਟਰੀ 'ਚ ਜੈਕਟਾਂ, ਟੀ ਸ਼ਰਟਾਂ, ਟਰੈਕ ਸੂਟ, ਲੋਵਰ, ਨਿੱਕਰਾਂ ਆਦਿ ਬਣਾਈਆਂ ਜਾਂਦੀਆਂ ਸਨ। ਅੱਗ ਲੱਗਣ ਨਾਲ ਉਨ੍ਹਾਂ ਦਾ ਕਰੀਬ 75 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਦੂਸਰੀ ਮੰਜਿਲ ਦੀਆਂ ਕੀਮਤੀ ਮਸ਼ੀਨਾਂ ਸਾਰੀਆਂ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ।