ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਦੀ ਇਸ਼ਤਿਹਾਰ ਸ਼ਾਖਾ ਨੇ ਬਿਨਾਂ ਮਨਜ਼ੂਰੀ ਜਨਤਕ ਜਾਇਦਾਦ 'ਤੇ ਬੈਨਰ-ਪੋਸਟਰ ਲਾਉਣ ਵਿਰੁੱਧ ਪੰਜ ਕਾਰੋਬਾਰੀ ਇਕਾਈਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ। ਨਿਗਮ ਨੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਬਿਜਲੀ ਦੇ ਖੰਭਿਆਂ, ਫਲਾਈਓਵਰਾਂ 'ਤੇ ਪੋਸਟਰ ਤੇ ਬੈਨਰ ਲਾਏ ਗਏ ਹਨ ਪਰ ਇਸ ਲਈ ਨਿਗਮ ਨੂੰ ਨਾ ਤਾਂ ਫੀਸ ਅਦਾ ਕੀਤੀ ਤੇ ਨਾ ਹੀ ਮਨਜ਼ੂਰੀ ਲਈ ਗਈ। ਇਸ਼ਤਿਹਾਰ ਸ਼ਾਖਾ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਜਨਤਕ ਜਾਇਦਾਦ ਡਿਫੈਂਸਮੈਂਟ ਐਕਟ ਤਹਿਤ ਕੇਸ ਦਰਜ ਕਰਵਾਇਆ ਜਾਵੇਗਾ। ਪੁਲਿਸ ਕਮਿਸ਼ਨਰ ਨੂੰ ਚਿੱਠੀ ਨਾਲ ਇਨ੍ਹਾਂ ਕੰਪਨੀਆਂ ਦੇ ਸ਼ਹਿਰ 'ਚ ਲੱਗੇ ਬੈਨਰ-ਪੋਸਟਰ ਦੀ ਫੋਟੋ ਵੀ ਬਤੌਰ ਸਬੂਤ ਭੇਜੀ ਗਈ ਹੈ। ਇਨ੍ਹਾਂ ਦੇ ਨਾਂ ਏਐੱਲਆਈਐੱਫ ਵਰਲਡ, ਹੇਸਅਰ ਪੈਲੇਸ, ਸਟਾਰਗੇਜ ਐਜੂਕੇਸ਼ਨ, ਖੋਸਲਾ ਇਮੀਗ੍ਰੇਸ਼ਨ, ਵੈਸਟਰਨ ਓਵਰਸੀਜ਼ 'ਤੇ ਕੇਸ ਦਰਜ ਕੀਤਾ ਜਾਣਾ ਹੈ। ਉਥੇ 20 ਕੰਪਨੀਆਂ ਨੂੰ ਨੋਟਿਸ ਭੇਜੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ ਉਨ੍ਹਾਂ ਵਿਚ ਦੋ ਹਜ਼ਾਰ ਤੋਂ 50 ਹਜ਼ਾਰ ਤਕ ਜੁਰਮਾਨਾ ਵਸੂਲਿਆ ਜਾਵੇਗਾ। ਸੁਪਰਡੈਂਟ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਇਸ਼ਤਿਹਾਰ ਲਾ ਕੇ ਨਿਗਮ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਐੱਫਆਈਆਰ ਤੇ ਨੋਟਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।