ਜੇਐੱਨਐੱਨ, ਜਲੰਧਰ : ਥਾਣਾ ਨਵੀਂ ਬਾਰਾਂਦਰੀ ਪੁਲਿਸ ਨੇ ਐੱਮਕੇ ਓਵਰਸੀਜ਼ ਐਜੂਕੇਸ਼ਨਲ ਕੰਸਲਟੈਂਟ ਦੇ ਮਾਲਕ ਖ਼ਿਲਾਫ਼ ਜ਼ਮੀਨੀ ਸੌਦੇ 'ਚ ਆਪਣੀ ਕੰਪਨੀ ਦੇ ਮੈਨੇਜਰ ਨਾਲ 41 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਡਿਫੈਂਸ ਕਾਲੋਨੀ ਵਾਸੀ ਮੋਹਨ ਕੱਕੜ ਦੇ ਰੂਪ ਵਿਚ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲੇ ਵਿਚ ਮੁਲਜ਼ਮ ਨੂੰ ਗਿ੍ਫਤਾਰ ਨਹੀਂ ਕੀਤਾ ਹੈ।

ਐੱਮਕੇ ਓਵਰਸੀਜ਼ ਦੇ ਮੈਨੇਜਰ ਮਖਦੂਮਪੁਰਾ ਵਾਸੀ ਅਮਿਤ ਉਪਲ ਨੇ ਅਪ੍ਰਰੈਲ 2019 ਨੂੰ ਪੁਲਿਸ ਕਮਿਸ਼ਨਰ ਦਫਤਰ 'ਚ ਆਪਣੀ ਕੰਪਨੀ ਦੇ ਮਾਲਕ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਸੀ। ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਦੇ ਏਐੱਸਆਈ ਚਰਨਜੀਤ ਸਿੰਘ ਨੇ ਕੀਤੀ। ਏਐੱਸਆਈ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਵਿਚ ਦਿੱਤੀ ਗਈ ਉਕਤ ਮਾਮਲੇ ਦੀ ਜਾਂਚ ਰਿਪੋਰਟ ਵਿਚ ਲਿਖਿਆ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਅਮਿਤ ਉਪਲ ਦਾ ਮੁਲਜ਼ਮ ਮੋਹਨ ਕੱਕੜ ਨਾਲ ਉਸ ਦੇ ਖਰੜੇ ਦੋ ਦੋ ਅਤੇ ਜਲੰਧਰ ਦਾ ਇਕ ਪਲਾਟ ਖਰੀਦਣ ਦਾ ਸੌਦਾ ਹੋਇਆ ਸੀ। ਸੌਦੇ ਮੁਤਾਬਕ ਇਕਰਾਰਨਾਮਾ ਕਰ ਕੇ ਤਿੰਨੋਂ ਪਲਾਟਾਂ ਦੀ ਕੁੱਲ ਕੀਮਤ 41 ਲੱਖ ਰੁਪਏ ਸ਼ਿਕਾਇਤਕਰਤਾ ਨੇ ਮੁਲਜ਼ਮ ਨੂੰ ਮਈ 2017 ਨੂੰ ਅਦਾ ਕਰ ਦਿੱਤੀ। ਮੁਲਜ਼ਮ ਨੇ ਉਕਤ ਤਿੰਨੋਂ ਪਲਾਟਾਂ ਦਾ ਕਬਜ਼ਾ ਸ਼ਿਕਾਇਤਕਰਤਾ ਨੂੰ ਤਾਂ ਦੇ ਦਿੱਤਾ ਪਰ ਸ਼ਿਕਾਇਤਕਰਤਾ ਜਦੋਂ ਵੀ ਇਨ੍ਹਾਂ ਦੀ ਰਜਿਸਟਰੀ ਆਪਣੇ ਨਾਂ 'ਤੇ ਕਰਵਾਉਣ ਦੀ ਗੱਲ ਕਰਦਾ ਤਾਂ ਮੁਲਜ਼ਮ ਉਸ ਨੂੰ ਟਾਲਮਟੋਲ ਕਰ ਦਿੰਦਾ। ਇਸੇ ਦੌਰਾਨ ਕੁਝ ਮਹੀਨੇ ਬੀਤਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਫਰਵਰੀ 2018 ਨੂੰ ਮੁਲਜ਼ਮ ਨੇੇ ਖਰੜ ਦੇ ਦੋਵੇਂ ਪਲਾਟ ਕਿਸੇ ਕੁਲਭੂਸ਼ਨ ਨਾਮਕ ਵਿਅਕਤੀ ਨੂੰ ਵੇਚ ਦਿੱਤੇ ਹਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਉਸ ਦੇ ਨਾਂ ਕਰ ਦਿੱਤੀ ਗਈ ਜਦਕਿ ਤੀਸਰਾ ਪਲਾਟ ਜੋ ਜਲੰਧਰ ਵਿਚ ਹੈ, ਮੁਲਜ਼ਮ ਉਸ ਨੂੰ ਵੀ ਵੇਚਣ ਦੇ ਚੱਕਰ ਵਿਚ ਹੈ।

ਏਐੱਸਆਈ ਨੇ ਰਿਪੋਰਟ ਵਿਚ ਕਿਹਾ ਕਿ ਉਕਤ ਮਾਮਲੇ ਵਿਚ ਮੁਲਜ਼ਮ ਵੱਲੋਂ ਸ਼ਿਕਾਇਤਕਰਤਾ ਖ਼ਿਲਾਫ਼ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਜਦੋਂ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਉਹ ਸ਼ਾਮਲ ਨਾ ਹੋਇਆ। ਉਥੇ ਮਾਮਲੇ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ 41 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਸ 'ਤੇ ਥਾਣਾ ਨਵਾਂ ਬਾਰਾਂਦਰੀ 'ਚ ਉਕਤ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।