ਰਾਕੇਸ਼ ਗਾਂਧੀ, ਜਲੰਧਰ

ਸੋਸ਼ਲ ਮੀਡੀਆ ਉੱਪਰ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਨਾਲ ਮਾਰਕੁੱਟ ਕਰਨ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਹੁਣ ਜਲੰਧਰ ਕਮਿਸ਼ਨਰੇਟ ਪੁਲਿਸ ਹਰਕਤ ਵਿਚ ਆ ਗਈ ਹੈ ਅਤੇ ਪੁਲਿਸ ਕਮਿਸਨਰ ਗੁਰਪ੍ਰਰੀਤ ਸਿੰਘ ਭੁੱਲਰ ਵੱਲੋਂ ਸਖ਼ਤੀ ਕਰਨ ਤੋ ਬਾਅਦ ਥਾਣਾ ਨੰਬਰ ਦੋ ਅਤੇ ਥਾਣਾ ਬਸਤੀ ਬਾਵਾ ਖੇਲ ਵਿੱਚ ਗੈਂਗਸਟਰਾਂ ਖਿਲਾਫ ਅਲੱਗ-ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਥਾਣਾ ਦੋ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਤਿਹ ਸਿੰਘ ਉਰਫ ਗਿਆਨੀ ਅਤੇ ਉਸ ਦੇ ਸਾਥੀ ਅਮਨਦੀਪ ਸਿੰਘ ਨੇ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਸੀ ਅਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ। ਉਸ ਤੋਂ ਬਾਅਦ ਜਦ ਉਹ ਵਾਪਸ ਆ ਰਹੇ ਸਨ ਤਾਂ ਵਰਕਸ਼ਾਪ ਚੌਕ ਲਾਗੇ ਇੱਕ ਹੋਰ ਨੌਜਵਾਨ ਕਿਸ਼ਨ ਨੂੰ ਫੜ ਕੇ ਬੁਰੀ ਤਰ੍ਹਾਂ ਉਸ ਨਾਲ ਵੀ ਮਾਰਕੁੱਟ ਕੀਤੀ ਸੀ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਵਾਇਰਲ ਹੋਈ ਵੀਡੀਓ ਦੇਖਣ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਖਿਲਾਫ ਅਲੱਗ-ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਗੌਰਵ ਸ਼ਰਮਾ ਨੋਨੀ, ਫਤਿਹ ਸਿੰਘ ਗਿਆਨੀ ਅਤੇ ਉਸ ਦੇ ਸਾਥੀਆਂ ਨੇ ਅਮਨਦੀਪ ਨੂੰ ਅਗਵਾ ਕਰਕੇ ਉਸ ਨਾਲ ਮਾਰਕੁੱਟ ਕੀਤੀ ਸੀ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦਹਿਸ਼ਤ ਫੈਲਾਉਣ ਲਈ ਬਣਾਈ ਹੋਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਤਲਾਸ਼ ਵਿਚ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਉਹ ਪੁਲਿਸ ਦੀ ਹਿਰਾਸਤ ਵਿਚ ਹੋਣਗੇ।