ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਵਿੱਤ ਅਤੇ ਠੇਕਾ ਕਮੇਟੀ ਨੇ 4.64 ਕਰੇੜ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ, ਜਦੋਂਕਿ ਇਕ ਮਤਾ ਰੱਦ ਕਰ ਦਿੱਤਾ ਤੇ ਦੋ ਦੇ ਮੁੜ ਟੈਂਡਰ ਮੰਗੇ ਗਏ। ਉਕਤ ਕਮੇਟੀ ਦੀ ਮੀਟਿੰਗ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਮੈਂਬਰ ਗਿਆਨ ਚੰਦ ਤੇ ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। ਮੀਟਿੰਗ 'ਚ ਪੇਸ਼ ਏਜੰਡੇ 'ਤੇ ਜਦੋਂ ਚਰਚਾ ਕੀਤੀ ਗਈ ਤਾਂ ਉਸ 292 ਨੰਬਰ ਮਤੇ 'ਚ ਇਕ ਹੀ ਕੰਮ ਦੇ ਦੋ ਜੇਈਜ਼ ਵੱਲੋਂ ਦੋ ਐਸਟੀਮੇਟ 49.99 ਅਤੇ 26.69 ਲੱਖ ਦੇ ਐਸਟੀਮੇਟ ਤਿਆਰ ਕੀਤੇ ਗਏ ਸਨ, ਜਿਸ ਕਾਰਨ ਉਕਤ ਮਤੇ ਨੂੰ ਰੱਦ ਕਰ ਦਿੱਤਾ ਗਿਆ। ਜਦੋਂਕਿ 287 ਤੇ 288 ਨੰਬਰ ਮਤਿਆਂ ਦੇ ਟੈਂਡਰ ਇਸ ਲਈ ਮੁੜ ਮੰਗਣ ਦੀ ਹਦਾਇਤ ਕੀਤੀ ਗਈ ਹੈ, ਕਿਉਂਕਿ ਉਨ੍ਹਾਂ 'ਚ ਤਕਨੀਕੀ ਖਾਮੀਆਂ ਸਨ ਅਤੇ ਲੈੱਸ ਵੀ ਬਹੁਤ ਘੱਟ ਸੀ, ਜਿਸ ਕਾਰਨ ਉਕਤ ਦੋਵਾਂ ਟੈਂਡਰਾਂ ਨੂੰ ਮੁੜ ਮੰਗੇ ਜਾਣ ਦੀ ਹਦਾਇਤ ਕੀਤੀ ਗਈ ਹੈ। ਇਸ ਤਰ੍ਹਾਂ ਜਿਹੜਾ ਟੈਂਡਰ ਰੱਦ ਕੀਤਾ ਗਿਆ ਹੈ, ਉਹ 29.06 ਲੱਖ ਦਾ ਸੀ, ਜਿਸ ਕਾਰਨ 4.93 ਕਰੋੜ ਦੀ ਥਾਂ 'ਤੇ 4.64 ਕਰੋੜ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਕੂੜਾ ਚੁੱਕਣ ਲਈ ਟਰੈਕਟਰ ਟਰਾਲੀਆਂ ਦੇ ਠੇਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ। ਜਦੋਂਕਿ ਵੱਖ-ਵੱਖ ਵਾਰਡਾਂ 'ਚ ਹੋਣ ਵਾਲੇ ਵਿਕਾਸ ਕੰਮਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ।