ਰਾਕੇਸ਼ ਗਾਂਧੀ, ਜਲੰਧਰ : ਬੱਸ ਸਟੈਂਡ ਨਜ਼ਦੀਕ ਮੋਤਾ ਸਿੰਘ ਨਗਰ ਸਥਿਤ ਇਕ ਦਫਤਰ ਦੀ ਤੀਜੀ ਮੰਜ਼ਿਲ 'ਤੇ ਚੱਲ ਰਹੇ ਜੂਏ ਦੌਰਾਨ ਪੈਸੇ ਮੰਗਣ ਨੂੰ ਲੈ ਕੇ ਹਿੰਸਕ ਟਕਰਾਅ ਹੋ ਗਿਆ। ਮਾਰਕੁੱਟ ਤੇ ਹਮਲੇ 'ਚ ਦੋਵਾਂ ਧਿਰਾਂ ਦੇ ਚਾਰ ਨੌਜਵਾਨ ਜ਼ਖਮੀ ਹੋ ਗਏ।

ਘਟਨਾ ਸ਼ਾਮ ਕਰੀਬ ਸਾਢੇ ਛੇ ਵਜੇ ਦੀ ਦੱਸੀ ਜਾ ਰਹੀ ਹੈ। ਇਸ ਮੌਕੇ ਇਕ ਪੱਖ ਦੇ ਕੁਝ ਨੌਜਵਾਨਾਂ ਨੇ ਦੂਜੇ ਪੱਖ ਦੇ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਝਪਟ 'ਚ ਦੋਵੇਂ ਧਿਰਾਂ ਦੇ ਚਾਰ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਲਿਜਾਇਆ ਗਿਆ। ਇੱਥੇ ਵੀ ਇਕ ਧਿਰ ਦੇ ਨੌਜਵਾਨਾਂ ਨੇ ਸਹੀ ਢੰਗ ਨਾਲ ਇਲਾਜ ਨਾ ਕਰਨ ਦਾ ਦੋਸ਼ ਲਾ ਕੇ ਡਿਊਟੀ 'ਤੇ ਮੌਜੂਦ ਡਾਕਟਰ ਨਾਲ ਵੀ ਧੱਕਾ-ਮੁੱਕੀ ਕੀਤੀ। ਇਸ 'ਤੇ ਡਾਕਟਰ ਨੂੰ ਹੂਟਰ ਵਜਾ ਕੇ ਥਾਣਾ ਪੁਲਿਸ ਨੂੰ ਬੁਲਾਉਣਾ ਪਿਆ। ਉਪਰੰਤ ਦੋਵਾਂ ਧਿਰਾਂ ਦੇ ਜ਼ਖਮੀਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਉਧਰ ਪੁਲਿਸ ਨੇ ਕੁਝ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮੋਤਾ ਸਿੰਘ ਨਗਰ ਮਾਰਕੀਟ ਸਥਿਤ ਇਕ ਦਫਤਰ ਦੀ ਤੀਜੀ ਮੰਜ਼ਿਲ 'ਤੇ ਕੁਝ ਜੁਆਰੀਏ ਜੂਆ ਖੇਡ ਰਹੇ ਸਨ। ਉਨ੍ਹਾਂ 'ਚੋਂ ਕੁਝ ਨੌਜਵਾਨ ਕਾਫੀ ਨਕਦੀ ਹਾਰ ਗਏ ਤੇ ਉਨ੍ਹਾਂ ਨੇ ਜਿੱਤਣ ਵਾਲੇ ਜੁਆਰੀਏ ਕੋਲੋਂ ਕੁਝ ਰੁਪਈਏ ਉਧਾਰ ਮੰਗੇ ਤਾਂ ਜਿੱਤਣ ਵਾਲੇ ਨੇ ਰੁਪਏ ਦੇਣ ਤੋਂ ਮਨ੍ਹਾ ਕਰ ਦਿੱਤਾ।

ਇਸ ਤੋਂ ਬਾਅਦ ਦੋਵਾਂ ਪੱਖਾਂ 'ਚ ਗਾਲੀ-ਗਲੋਚ ਸ਼ੁਰੂ ਹੋ ਗਿਆ। ਇਸ ਝਗੜੇ ਨੇ ਤੁਰੰਤ ਮਾਰਕੁੱਟ ਦਾ ਰੂਪ ਧਾਰ ਲਿਆ। ਕੁਝ ਜੁਆਰੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੂਜੇ ਪੱਖ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਲਾਟਰੀ ਵਿਕਰੇਤਾ ਚੰਦਨ ਕੁਮਾਰ ਮਾਗੋ, ਰਾਹੁਲ ਅਰੋੜਾ, ਦਿਨੇਸ਼ ਵਰਮਾ ਸਮੇਤ ਕੁਝ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੋਵਾਂ ਪੱਖਾਂ ਦੇ ਜ਼ਖਮੀ ਨੌਜਵਾਨ ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਲਈ ਪਹੁੰਚੇ ਤਾਂ ਉਥੇ ਵੀ ਦੋਵੇਂ ਪੱਖ ਆਪਸ 'ਚ ਭਿੜ ਗਏ ਤੇ ਇੱਕ ਪੱਖ ਦੇ ਮਾਗੋ, ਜਗਨ, ਭਾਰਤ ਤ੍ਰੇਹਨ ਤੇ ਉਸ ਦੇ ਸਾਥੀਆਂ ਨੇ ਡਿਊਟੀ 'ਤੇ ਮੌਜੂਦ ਡਾਕਟਰ ਰਾਜ ਕੁਮਾਰ ਬੱਧਣ ਨਾਲ ਵੀ ਧੱਕਾ-ਮੁੱਕੀ ਕੀਤੀ। ਇਸ 'ਤੇ ਡਾਕਟਰ ਨੂੰ ਵੀ ਹੂਟਰ ਵਜਾ ਕੇ ਥਾਣਾ ਨੰਬਰ ਚਾਰ ਦੀ ਪੁਲਿਸ ਨੂੰ ਮੌਕੇ 'ਤੇ ਬੁਲਾਉਣਾ ਪਿਆ। ਜ਼ਖਮੀ ਨੌਜਵਾਨਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਤਿੰਨ ਨੌਜਵਾਨਾਂ ਨੂੰ ਆਰਥੋਨੋਵਾ ਹਸਪਤਾਲ ਤੇ ਇਕ ਨੌਜਵਾਨ ਨੂੰ ਸੱਤਿਅਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਥਾਣਾ ਨੰਬਰ 6 ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਵੀ ਪਹੁੰਚੇ ਤੇ ਜ਼ਖਮੀਆਂ ਕੋਲੋਂ ਪੁੱਛਗਿੱਛ ਕੀਤੀ।

ਬਾਕਸ

ਜੂਆ ਨਹੀਂ ਕਮੇਟੀ ਦੀ ਬੋਲੀ ਮੌਕੇ ਹੋਇਆ ਝਗੜਾ

ਹਸਪਤਾਲ 'ਚ ਜ਼ਖ਼ਮੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਮੇਟੀ ਦੀ ਬੋਲੀ ਕਰ ਰਹੇ ਸਨ ਕਿ ਕੁਝ ਨੌਜਵਾਨ ਉਥੇ ਆਏ ਤੇ ਉਨ੍ਹਾਂ 'ਤੇ ਬਿਨਾਂ ਕਾਰਨ ਹੀ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਦੋਵਾਂ ਪੱਖਾਂ 'ਚ ਵਿਵਾਦ ਜੂਏ ਨੂੰ ਲੈ ਕੇ ਹੋਇਆ ਹੈ ਜਾਂ ਫਿਰ ਇਸ ਦੀ ਕੋਈ ਹੋਰ ਵਜ੍ਹਾ ਹੈ।

ਡਾ. ਰਾਜ ਕੁਮਾਰ ਦੇ ਬਿਆਨਾਂ 'ਤੇ ਮਾਮਲਾ ਦਰਜ

ਸਿਵਲ ਹਸਪਤਾਲ 'ਚ ਡਿਊਟੀ 'ਤੇ ਤਾਇਨਾਤ ਡਾ. ਰਾਜ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੋਤਾ ਸਿੰਘ ਨਗਰ 'ਚ ਹੋਈ ਲੜਾਈ ਤੋਂ ਬਾਅਦ ਦੋਵੇਂ ਪੱਖਾਂ ਦੇ ਨੌਜਵਾਨ ਸਿਵਲ ਹਸਪਤਾਲ 'ਚ ਇਲਾਜ ਲਈ ਆਏ ਸਨ ਜਦੋਂ ਉਹ ਇਕ ਪੱਖ ਦੇ ਨੌਜਵਾਨ ਦਾ ਇਲਾਜ ਕਰ ਰਹੇ ਸਨ ਤਾਂ ਦੂਜੇ ਪੱਖ ਦੇ ਮਾਗੋ, ਜਗਨ, ਭਾਰਤ ਤੇ ਉਨ੍ਹਾਂ ਦੇ ਸਾਥੀ ਆਏ ਤੇ ਉਸ ਨਾਲ ਧੱਕ= ਮੁੱਕੀ ਕਰਨ ਲੱਗੇ ਤੇ ਉਨ੍ਹਾਂ ਦਾ ਇਲਾਜ ਪਹਿਲਾਂ ਕਰਨ ਲਈ ਧਮਕਾਉਣ ਲੱਗੇ। ਪੁਲਿਸ ਨੇ ਡਾ, ਰਾਜ ਕੁਮਾਰ ਦੇ ਬਿਆਨਾਂ 'ਤੇ ਮਾਗੋ, ਜਗਨ, ਭਾਰਤ ਤੇ ਇਨ੍ਹਾਂ ਦੇ ਅਣਪਛਾਤੇ ਸਾਥੀਆਂ ਖਿਲਾਫ ਧਾਰਾ 353/332/506/186/34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਜਲਦ ਹੀ ਗਿ੍ਫਤਾਰ ਕਰ ਲਿਆ ਜਾਵੇਗਾ, ਕਿਉਂਕਿ ਇਨ੍ਹਾਂ 'ਚੋਂ ਕੁਝ ਹਾਲੇ ਹਸਪਤਾਲ 'ਚ ਜ਼ੇਰੇ ਇਲਾਜ ਹਨ ।