ਰਾਕੇਸ਼ ਗਾਂਧੀ, ਜਲੰਧਰ

ਚੁਨਮੁਨ ਮਾਲ ਦੇ ਲਾਗੇ ਟ੍ਰੈਫਿਕ ਲਾਈਟਾਂ 'ਤੇ ਉਸ ਵੇਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦ ਭੀਖ ਮੰਗਣ ਵਾਲੇ ਦੋ ਗੁੱਟਾਂ ਵਿੱਚ ਪੈਸੇ ਵੰਡਣ ਨੂੰ ਲੈ ਕੇ ਟਕਰਾਅ ਹੋ ਗਿਆ। ਇਸ ਦੌਰਾਨ ਦੋਵਾਂ ਪੱਖਾਂ ਨੇ ਇਕ-ਦੂਜੇ 'ਤੇ ਇੱਟਾਂ ਰੋੜੇ ਵਰ੍ਹਾਏ ਜਿਸ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ। ਮੌਕੇ ਤੋਂ ਲੰਘ ਰਹੇ ਲੋਕਾਂ ਵਿੱਚੋਂ ਕਿਸੇ ਨੇ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਵਿਚ ਦਿੱਤੀ ਜਿਸ ਤੋਂ ਬਾਅਦ ਥਾਣਾ ਨੰਬਰ ਛੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਜਿਸ ਤੋਂ ਬਾਅਦ ਭੀਖ ਮੰਗਣ ਵਾਲੇ ਹੀ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲੈ ਗਏ।

ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਚੁਨਮੁਨ ਮਾਲ ਲਾਗੇ ਟਰੈਫਿਕ ਲਾਈਟਾਂ 'ਤੇ ਰੁਕੀਆਂ ਗੱਡੀਆਂ ਵਾਲੇ ਲੋਕਾਂ ਤੋਂ ਭੀਖ ਮੰਗਣ ਵਾਲੇ ਦੋ ਗੁੱਟਾਂ ਵਿੱਚ ਪੈਸੇ ਵੰਡਣ ਨੂੰ ਲੈ ਕੇ ਵਿਵਾਦ ਹੋ ਗਿਆ। ਵਿਵਾਦ ਇੰਨਾ ਵਧ ਗਿਆ ਕਿ ਦੋਵੇਂ ਪੱਖ ਇੱਕ ਦੂਜੇ ਨੂੰ ਮਾਰਨ ਤੱਕ ਉਤਰ ਆਏ ਅਤੇ ਉੱਥੇ ਪਏ ਇੱਟਾਂ-ਰੋੜੇ ਚੁੱਕ ਕੇ ਇੱਕ ਦੂਜੇ ਨੂੰ ਮਾਰਨ ਲੱਗ ਪਏ। ਇੱਟ ਲੱਗਣ ਨਾਲ ਇੱਕ ਵਿਅਕਤੀ ਦਾ ਸਿਰ ਫਟ ਗਿਆ ਅਤੇ ਉਹ ਜ਼ਖਮੀ ਹੋ ਕੇ ਡਿੱਗ ਪਿਆ। ਜਦ ਦੋਵੇਂ ਪੱਖ ਇੱਟਾਂ ਰੋੜੇ ਵਰ੍ਹਾ ਰਹੇ ਸਨ ਤਾਂ ਟ੍ਰੈਫਿਕ ਲਾਈਟਾਂ 'ਤੇ ਖੜ੍ਹੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਉੱਥੋਂ ਇੱਕ ਵਿਅਕਤੀ ਨੇ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਵਿਚ ਦਿੱਤੀ ਤਾਂ ਥਾਣਾ ਨੰਬਰ ਛੇ ਦੀ ਪੁਲਿਸ ਮੌਕੇ 'ਤੇ ਪਹੁੰਚੀ। ਜਦ ਤੱਕ ਪੁਲਿਸ ਮੌਕੇ 'ਤੇ ਪਹੁੰਚੀ ਤਦ ਤੱਕ ਵਿਵਾਦ ਖਤਮ ਹੋ ਚੁੱਕਿਆ ਸੀ ਅਤੇ ਇੱਟਾਂ ਰੋੜੇ ਲੱਗਣ ਨਾਲ ਜ਼ਖਮੀ ਹੋਏ ਵਿਅਕਤੀ ਨੂੰ ਭੀਖ ਮੰਗਣ ਵਾਲੇ ਹੀ ਰਿਕਸ਼ੇ 'ਤੇ ਬਿਠਾ ਕੇ ਇਲਾਜ ਲਈ ਹਸਪਤਾਲ ਲਿਜਾ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਉਹ ਉਥੇ ਭੀਖ ਮੰਗਦੇ ਦਿਖਾਈ ਦਿੱਤੇ ਤਾਂ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਜਿਸ ਤੋਂ ਬਾਅਦ ਸਾਰੇ ਭੀਖ ਮੰਗਣ ਵਾਲੇ ਉਥੋਂ ਚਲੇ ਗਏ। ਜਦ ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਟਰੈਫਿਕ ਲਾਈਟਾਂ 'ਤੇ ਭੀਖ ਮੰਗਣ ਵਾਲਿਆਂ ਦਾ ਕਾਫੀ ਇਕੱਠ ਹੋ ਗਿਆ ਹੈ ਜਿਸ ਦੇ ਖਿਲਾਫ ਜਲਦ ਹੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਇਥੋਂ ਖਦੇੜ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਸਿਗਨਲ 'ਤੇ ਭੀਖ ਮੰਗਣ ਵਾਲੇ ਦਿਖਾਈ ਨਹੀਂ ਦੇਣਗੇ।