ਮਦਨ ਭਾਰਦਵਾਜ, ਜਲੰਧਰ : ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ 8 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਰਾਜ ਪੱਧਰੀ ਹੜਤਾਲ ਮੁਲਤਵੀ ਹੋ ਗਈ ਹੈ ਤੇ ਸਰਕਾਰ ਨੇ 10 ਅਗਸਤ ਤਕ ਇਕ ਮਹੀਨੇ ਦਾ ਸਮਾਂ ਮੰਗਾਂ 'ਤੇ ਵਿਚਾਰ ਕਰਨ ਲਈ ਮੰਗਿਆ ਹੈ, ਜਿਸ 'ਤੇ ਫੈਡਰੇਸ਼ਨ ਨੇ ਸਹਿਮਤ ਹੁੰਦੇ ਹੋਏ ਹੜਤਾਲ ਮੁਲਤਵੀ ਕਰ ਦਿੱਤੀ ਹੈ। ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਤੇ ਫੈਡਰੇਸ਼ਨ ਦੇ ਬਾਕੀ ਅਹੁਦੇਦਾਰਾਂ ਦੀ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਮੀਟਿੰਗ 'ਚ ਫੈਡਰੇਸ਼ਨ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਚਰਚਾ ਹੋਈ ਤੇ ਡਾਇਰੈਕਟਰ ਪੁਨੀਤ ਗੋਇਲ ਨੇ ਧਿਆਨ ਨਾਲ ਸੁਣਿਆ ਤੇ ਮੰਗ ਪੱਤਰ ਵੀ ਦੇਖਿਆ। ਉਸ 'ਚ ਮੁੱਖ ਮੰਗਾਂ 'ਚ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨਾ ਤੇ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਕਰਨਾ ਆਦਿ ਸ਼ਾਮਿਲ ਹਨ। ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਮੰਗਾਂ ਤੇ ਵਿਚਾਰ ਕਰਨ ਤੋਂ ਬਾਅਦ ਕਿਹਾ ਕਿ ਫੈਡਰੇਸ਼ਨ ਪ੍ਰਧਾਨ ਮੰਗਾਂ 'ਤੇ ਵਿਚਾਰ ਕਰਨ ਲਈ ਇਕ ਮਹੀਨੇ ਮਤਲਬ 10 ਅਗਸਤ ਤਕ ਦਾ ਸਮਾਂ ਦੇਣ ਤੇ ਉਹ ਇਸ ਦੌਰਾਨ ਸਰਕਾਰ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਰਕਾਰ ਪੱਧਰ ਤੇ ਸਥਾਨਕ ਪੱਧਰ ਦੀਆਂ ਮੰਗਾਂ ਸਵੀਕਾਰ ਕਰਨ ਬਾਰੇ ਫ਼ੈਸਲਾ ਕਰ ਸਕਣ। ਸਰਕਾਰ ਪੱਧਰ ਦੀਆਂ ਜਿਹੜੀਆਂ ਮੰਗਾਂ ਹੋਣਗੀਆਂ ਉਹ ਸਰਕਾਰ ਨੂੰ ਭੇਜ ਦੇਣਗੇ ਤੇ ਜਿਹੜੀਆਂ ਨਿਗਮ ਪੱਧਰ ਦੀਆਂ ਹੋਣਗੀਆਂ ਉਹ ਨਿਗਮ ਨੂੰ ਭੇਜ ਦੇਣਗੇ। ਇਸ 'ਤੇ ਪ੍ਰਧਾਨ ਚੰਦਨ ਗਰੇਵਾਲ ਨੇ ਸਹਿਮਤੀ ਪ੍ਰਗਟ ਕੀਤੀ ਤੇ ਕਿਹਾ ਕਿ ਅਸੀਂ ਸਰਕਾਰ ਨੂੰ ਪਹਿਲਾ ਵੀ ਸਮਾਂ ਦਿੰਦੇ ਰਹੇ ਹਾਂ ਤੇ ਹੁਣ ਵੀ ਤਿਆਰ ਹਾਂ ਪਰ ਮੰਗਾਂ ਸਵੀਕਾਰ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਸਰਕਾਰ ਨੂੰ 10 ਅਗਸਤ ਦਾ ਸਮਾਂ ਦੇਣ 'ਤੇ ਸਹਿਮਤੀ ਹੋਣ ਤੇ ਮੀਟਿੰਗ ਖਤਮ ਹੋ ਗਈ। ਵਰਨਣਯੋਗ ਹੈ ਕਿ ਪਿਛਲੇ ਮਹੀਨੇ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਨੇ ਪਟਿਆਲਾ ਜਾ ਕੇ ਆਪਣੀਆਂ ਮੰਗਾਂ ਸਬੰਧੀ ਵਿਖਾਵਾ ਕੀਤਾ ਸੀ ਤੇ ਮੰਗ ਪੱਤਰ ਮੁੱਖ ਮੰਤਰੀ ਦੇ ਨਾਂ ਦਿੱਤਾ ਸੀ ਜਿਸ ਦੇ ਆਧਾਰ 'ਤੇ ਸਰਕਾਰ ਨੇ ਫੈਡਰੇਸ਼ਨ ਨੂੰ ਗੱਲਬਾਤ ਕਰਨ ਲਈ ਸੱਦਿਆ ਸੀ।