ਜੇਐੱਨਐੱਨ, ਗੁਰਾਇਆ : ਗੁਰਾਇਆ ਦੇ ਪਿੰਡ ਚੀਮਾ ਖੁਰਦ 'ਚ ਰਹਿਣ ਵਾਲੇ ਟੈਕਸੀ ਡਰਾਈਵਰ ਕੇਹਰ ਸਿੰਘ ਤੇ ਉਸਦੀ ਪਤਨੀ ਦਰਮਿਆਨ ਝਗੜੇ ਨੇ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਜਾਨ ਲੈ ਲਈ। ਪਤਨੀ ਤੋਂ ਪਰੇਸ਼ਾਨ ਕੇਹਰ ਸਿੰਘ ਨੇ ਆਪਣੀ 11 ਸਾਲਾ ਲੜਕੀ ਪ੍ਰਭਜੋਤ ਤੇ ਨੌਂ ਸਾਲ ਦੇ ਪੁੱਤਰ ਏਕਮ ਨੂੰ ਜ਼ਹਿਰ ਦੇ ਕੇ ਖ਼ੁਦ ਵੀ ਜ਼ਹਿਰ ਨਿਗਲ ਲਿਆ।

ਤਿੰਨਾਂ ਨੂੰ ਗੁਰਾਇਆ ਕੋਲ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਤਿੰਨਾਂ ਨੂੰ ਲੁਧਿਆਣਾ ਦੇ ਡੀਐੱਮਸੀ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਦੇਰ ਸ਼ਾਮ ਤਿੰਨਾਂ ਦੀ ਮੌਤ ਹੋ ਗਈ। ਥਾਣਾ ਗੁਰਾਇਆ ਦੀ ਪੁਲਿਸ ਨੇ ਮਿ੍ਤਕ ਕੇਹਰ ਸਿੰਘ ਦੀ ਭੈਣ ਰਾਜਕੁਮਾਰੀ ਦੇ ਬਿਆਨਾਂ 'ਤੇ ਰਿੰਪੀ ਉਰਫ਼ ਮੋਨਾ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ। ਦੇਰ ਰਾਤ ਪੁਲਿਸ ਮੁਲਜ਼ਮ ਮਹਿਲਾ ਦੀ ਭਾਲ ਕਰ ਰਹੀ ਸੀ।

ਜਾਣਕਾਰੀ ਮੁਤਾਬਕ ਚੀਮਾ ਖੁਰਦ ਦੇ ਰਹਿਣ ਵਾਲੇ ਕੇਹਰ ਸਿੰਘ ਦਾ ਆਪਣੀ ਪਤਨੀ ਰਿੰਪੀ ਨਾਲ ਵਿਵਾਦ ਚੱਲ ਰਿਹਾ ਸੀ। ਵਿਵਾਦ ਏਨਾ ਵਧ ਗਿਆ ਕਿ ਦੋਵਾਂ ਦਰਮਿਆਨ ਤਲਾਕ ਦੀ ਨੌਬਤ ਆ ਗਈ। ਕਰੀਬ ਇਕ ਮਹੀਨਾ ਪਹਿਲਾਂ ਮੋਨਾ ਆਪਣੇ ਪੇਕੇ ਪਿੰਡ ਤਗਾੜਾ 'ਚ ਰਹਿਣ ਚਲੀ ਗਈ ਸੀ। ਕੇਹਰ ਸਿੰਘ ਆਪਣੀ ਧੀ ਪ੍ਰਭਜੋਤ ਜੋ ਪੰਜਵੀਂ ਜਮਾਤ 'ਚ ਪੜ੍ਹਦੀ ਹੈ ਤੇ ਪੁੱਤਰ ਏਕਮ ਜੋ ਚੌਥੀ ਜਮਾਤ 'ਚ ਪੜ੍ਹਦਾ ਹੈ, ਨਾਲ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਕੇਹਰ ਸਿੰਘ ਨੂੰ ਮੋਨਾ ਦਾ ਫੋਨ ਆਇਆ ਜਿਸ ਤੋਂ ਬਾਅਦ ਉਹ ਕਾਫ਼ੀ ਪਰੇਸ਼ਾਨ ਹੋ ਗਿਆ।

ਕਰੀਬ 12 ਵਜੇ ਕੇਹਰ ਸਿੰਘ ਦੇ ਰਿਸ਼ਤੇਦਾਰ ਕਿਸੇ ਗੱਲ ਨੂੰ ਲੈ ਕੇ ਉਸ ਨੂੰ ਮਿਲਣ ਗਏ ਤਾਂ ਵੇਖਿਆ ਕਿ ਕੇਹਰ ਸਿੰਘ ਤੇ ਉਸ ਦੇ ਬੱਚਿਆਂ ਦੇ ਮੂੁੰਹ 'ਚੋਂ ਝੱਗ ਨਿਕਲ ਰਹੀ ਸੀ। ਉਨ੍ਹਾਂ ਨੂੰ ਪਹਿਲਾਂ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਪਰ ਹਾਲਤ ਗੰਭੀਰ ਹੋਣ 'ਤੇ ਡੀਐੱਮਸੀ ਦਾਖ਼ਲ ਕਰਵਾਇਆ ਗਿਆ, ਜਿੱਥੇ ਸ਼ਾਮ ਨੂੰ ਡਾਕਟਰਾਂ ਨੇ ਤਿੰਨਾਂ ਨੂੰ ਮਿ੍ਤਕ ਐਲਾਨ ਕਰ ਦਿੱਤਾ।

ਸੂਚਨਾ ਮਿਲਦੇ ਹੀ ਥਾਣਾ ਗੁਰਾਇਆ ਦੇ ਇੰਚਾਰਜ ਹਰਜੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਮੋਨਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਕੇਹਰ ਸਿੰਘ ਅਪਰਾ ਟੈਕਸੀ ਸਟੈਂਡ 'ਤੇ ਡਰਾਈਵਰ ਦਾ ਕੰਮ ਕਰਦਾ ਸੀ। ਤਗਾੜਾ ਪਿੰਡ 'ਚ ਰਹਿਣ ਵਾਲੀ ਉਸਦੀ ਪਤਨੀ ਰਿੰਪੀ ਨਾਲ ਕੁਝ ਸਮਾਂ ਪਹਿਲਾਂ ਉਸ ਦਾ ਵਿਵਾਦ ਹੋ ਗਿਆ ਸੀ।

ਕਰੀਬ ਇਕ ਮਹੀਨਾ ਪਹਿਲਾਂ ਰਿੰਪੀ ਉਸ ਨਾਲ ਲੜ ਕੇ ਆਪਣੇ ਪੇਕੇ ਚਲੀ ਗਈ ਜਿਸ ਤੋਂ ਬਾਅਦ ਤੋਂ ਕੇਹਰ ਸਿੰਘ ਪਰੇਸ਼ਾਨ ਰਹਿੰਦਾ ਸੀ। ਪਰੇਸ਼ਾਨੀ ਦੀ ਹਾਲਤ 'ਚ ਉਸ ਨੇ ਇਹ ਕਦਮ ਚੁੱਕਿਆ। ਉਨ੍ਹਾਂ ਦੱਸਿਆ ਕਿ ਛੇਤੀ ਹੀ ਮੁਲਜ਼ਮ ਔਰਤ ਰਿੰਪੀ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।

ਪਹਿਲਾਂ ਵੀ ਪਰਿਵਾਰਕ ਵਿਵਾਦ 'ਚ ਜਾ ਚੁੱਕੀਆਂ ਨੇ ਜਾਨਾਂ

ਪਤਨੀ ਮੋਨਾ ਤੋਂ ਪਰੇਸ਼ਾਨ ਕੇਹਰ ਸਿੰਘ ਨੇ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਲੈ ਲਈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ 'ਚ ਪਰਿਵਾਰਕ ਵਿਵਾਦ ਜਾਂ ਝਗੜੇ 'ਚ ਕਿਸੇ ਦੀ ਜਾਨ ਗਈ ਹੋਵੇ। ਬੀਤੇ ਸਾਲ ਜਲੰਧਰ ਦੇ ਬਸਤੀ ਸ਼ੇਖ 'ਚ ਰਹਿਣ ਵਾਲੇ 20 ਸਾਲ ਦੇ ਮਾਣਿਕ ਸ਼ਰਮਾ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ। ਮਾਣਿਕ ਦੇ ਪਿਤਾ ਨੇ ਉਸ ਨੂੰ ਆਨਲਾਈਨ ਗੇਮ ਖੇਡਣ ਤੋਂ ਮਨ੍ਹਾਂ ਕੀਤਾ ਸੀ ਪਰ ਉਸ ਨੂੰ ਗੇਮ ਖੇਡਣ ਦੀ ਅਜਿਹੀ ਲਤ ਲੱਗ ਗਈ ਸੀ ਕਿ ਉਸ ਨੇ ਆਪਣੀ ਪੜ੍ਹਾਈ ਵੀ ਦਾਅ 'ਤੇ ਲਾ ਦਿੱਤੀ ਸੀ। ਬੀਕਾਮ ਸੈਕਿੰਡ ਯੀਅਰ 'ਚ ਉਸਦੇ ਨੰਬਰ ਕਾਫ਼ੀ ਘੱਟ ਆਏ, ਜਿਸ ਕਾਰਨ ਉਸਦੇ ਪਿਤਾ ਨੇ ਉਸ ਨੂੰ ਆਨਲਾਈਨ ਗੇਮ ਖੇਡਣ ਤੋਂ ਮਨ੍ਹਾਂ ਕਰਦੇ ਹੋਏ ਮੋਬਾਈਲ ਖੋਹ ਲਿਆ ਸੀ। ਇਸ ਤੋਂ ਬਾਅਦ ਮਾਣਿਕ ਨੇ ਆਪਣੇ ਪਿਤਾ ਦੀ ਰਿਵਾਲਵਰ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ।

Posted By: Jagjit Singh