ਮਹਿੰਦਰ ਰਾਮ ਫੁਗਲਾਣਾ, ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਵਿਚ ਚੱਲ ਰਹੇ ਸਾਲਾਨਾ ਸਿਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ ਇੰਸਟੀਚੀਊਟ ਆਫ਼ ਮੈਨੇਜਮੈਂਟ, ਗੋਆ ਦੇ ਪ੍ਰੋ . ਅਨੰਦ ਤੇਲਤੁੰਬੜੇ ਨੇ 'ਵਰਤਮਾਨ ਹਾਲਾਤ ਤੇ ਫਾਸ਼ੀਵਾਦ' ਵਿਸ਼ੇ ਉੱਪਰ ਬੋਲਦਿਆਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਡਾ. ਬੀਆਰ ਅੰਬੇਡਕਰ ਜੋ ਕੁਝ ਪੀੜਤ ਵਰਗ ਲਈ ਕਰਨਾ ਚਾਹੁੰਦੇ ਸੀ ਉਹੋ ਜਿਹਾ ਕੁਝ ਵੀ ਨਹੀਂ ਹੋਣ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਵੀਰ ਸਾਵਰਕਰ ਜਿਸ ਨੇ ਅੰਗਰੇਜ਼ ਹਾਕਮਾਂ ਤੋਂ ਲਿਖਤੀ ਮੁਆਫ਼ੀਨਾਮੇ ਮੰਗਿਆ ਸੀ, ਨੂੰ ਭਾਜਪਾ ਮਹਾਂ ਦੇਸ਼ ਭਗਤ ਬਣਾ ਕੇ ਪੇਸ਼ ਕਰ ਰਹੀ ਹੈ। ਬੁੱਧੀਜੀਵੀ ਤੇ ਲੋਕ-ਹਿੱਤੂ ਸੰਘਰਸ਼ਸ਼ੀਲ ਕਾਮੇ ਲੋਕਾਂ ਦੀ ਗੱਲ ਕਰਦੇ ਹਨ, ਉਹਨਾਂ ਨੂੰ ਦੇਸ਼-ਧਰੋਹੀ ਕਿਹਾ ਜਾ ਰਿਹਾ ਹੈ।

ਡਾ. ਤੇਲਤੁੰਬੜੇ ਨੇ ਕਿਹਾ ਕਿ ਫ਼ਿਰਕੂ ਫਾਸ਼ੀਪੁਣੇ ਦੀ ਚੁਣੌਤੀ ਦਾ ਟਾਕਰਾ ਚੇਤਨ ਲੋਕ-ਸ਼ਕਤੀ ਨਾਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ 'ਮਹਾਤਮਾ' ਤੇ ਅਹਿੰਸਾ ਦੇ ਪੁੰਜ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਉੁਨ੍ਹਾਂ ਨੇ ਬਰਤਾਨਵੀ ਸਾਮਰਾਜੀ ਹਿੱਤਾਂ ਦੀ ਪੂਰਤੀ ਕਰਦੀ ਹਿੰਸਕ ਜੰਗ ਦੇ ਹਿੱਤ ਵਿਚ ਪੂਰਾ ਯੋਗਦਾਨ ਪਾਇਆ।

ਇਸ ਤਰ੍ਹਾਂ ਹੀ ਜਵਾਹਰ ਲਾਲ ਨਹਿਰੂ ਨੂੰ ਸਮਾਜਵਾਦ ਦੇ ਚਿੰਨ੍ਹ ਵਜੋਂ ਪੇਸ਼ ਕਰਨਾ ਇਤਿਹਾਸਕ ਹਕੀਕਤਾਂ ਨਾਲ ਮੇਲ ਨਹੀਂ ਖਾਂਦਾ।

ਉਨ੍ਹਾਂ ਕਿਹਾ ਕਿ ਸੰਵਿਧਾਨ ਵਿਚ ਸੈਕੂਲਰ ਸ਼ਬਦ ਨਹੀਂ ਹੈ। ਮੁਲਕ ਦੀਆਂ ਵੰਨ-ਸੁਵੰਨੀਆਂ ਹਾਕਮ ਪਾਰਟੀਆਂ, ਧਰਮ ਦੀ ਆਪਣੇ ਸੌੜੇ ਹਿੱਤਾਂ ਲਈ ਵਰਤੋਂ ਕਰਦੀਆਂ ਹਨ ਪਰ ਸੈਕੂਲੇਰਿਜ਼ਮ ਕਿੱਥੇ ਹੈ?

ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਚੇਤਨਾ ਕੈਂਪ ਦੇ ਮਕਸਦ ਦਾ ਖੁਲਾਸਾ ਕੀਤਾ।

ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਸਿਰ 'ਤੇ ਖੜ੍ਹੇ ਫਾਸ਼ੀਵਾਦ ਦੇ ਹੱਲੇ ਦਾ ਜਨਤਕ ਸ਼ਮੂਲੀਅਤ ਨਾਲ ਕਿਵੇਂ ਟਾਕਰਾ ਕੀਤਾ ਜਾਵੇ। ਇਸ ਸਮੇਂ ਸੰਗਰਾਮੀਆਂ ਲਈ ਬਣੀਆਂ ਚੁਣੌਤੀ ਭਰੀਆਂ ਹਾਲਤਾਂ ਬਾਰੇ ਸੁਆਲਾਂ ਦਾ ਡਾ. ਤੇਲਤੁੰਬੜੇ ਨੇ ਸਾਰਥਕ ਜਵਾਬ ਦਿੱਤੇ। ਦੇਸ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਚੇਤਨਾ ਕੈਂਪ ਦਾ ਮੰਚ ਸੰਚਾਲਨ ਕੀਤਾ। ਸਮਾਪਤੀ 'ਤੇ ਕਮੇਟੀ ਦੇ ਪ੍ਰਧਾਨ ਕਾ. ਗੁਰਮੀਤ ਸਿੰਘ ਢੱਡਾ ਨੇ ਸਭਨਾਂ ਦਾ ਧੰਨਵਾਦ ਕੀਤਾ।