ਸੁਨੀਲ ਕੁਕਰੇਤੀ, ਜਲੰਧਰ ਛਾਉਣੀ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਹੋਏ ਹਾਦਸੇ ਲਈ ਜ਼ਿੰਮੇਵਾਰ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਕਰਦਿਆਂ ਸਯੁੰਕਤ ਕਿਸਾਨ ਮੋਰਚੇ ਵਲੋਂ 'ਰੇਲ ਰੋਕੋ ਅੰਦੋਲਨ' ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਵਲੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਦਕੋਹਾ ਫਾਟਕ ਵਿਖੇ ਧਰਨਾ ਲਾਇਆ ਗਿਆ ।ਇਹ ਧਰਨਾ ਸਵੇਰ 10 ਵਜੇ ਤੋਂ ਸ਼ੁਰੂ ਕੀਤਾ ਗਿਆ ਹੈ ਤੇ ਸ਼ਾਮੀ 4 ਵਜੇ ਖਤਮ ਕੀਤਾ ਜਾਵੇਗਾ।ਇਸ ਦੌਰਾਨ ਕਿਸਾਨਾਂ ਵਲੋਂ ਚੰਡੀਗੜ੍ਹ ਅੰਮ੍ਰਿਤਸਰ ਐਕਸਪ੍ਰੈਸ ਨੂੰ ਰੋਕ ਕੇ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ।


ਦੁਆਬਾ ਕਿਸਾਨ ਸੰਘਰਸ਼ ਕਮੇਟੀ ਰਜਿ. ਕਿਸ਼ਨਗੜ੍ਹ ਵੱਲੋਂ ਕਾਲਾ ਬੱਕਰਾ ਰੇਲਵੇ ਸਟੇਸ਼ਨ ਨੇੜੇ ਰੇਲਵੇ ਟ੍ਰੇਕ ਤੇ ਧਰਨਾ ਪ੍ਰਦਰਸ਼ਨ ਜਾਰੀ

ਕਿਸ਼ਨਗੜ੍ਹ, ਭੋਗਪੁਰ (ਅੰਮਿ੍ਤਪਾਲ ਸਿੰਘ ਸੋਂਧੀ, ਕਾਹਲੋਂ) : ਲੰਘੇ ਦਿਨੀਂ ਲਖਮੀਰਪੁਰ ਖੀਰੀ 'ਚ ਕਿਸਾਨੀ ਸੰਘਰਸ਼ ਦੌਰਾਨ ਵਾਪਰੇ ਦਰਦਨਾਕ ਹਾਦਸੇ ਦੌਰਾਨ ਮਾਰੇ ਗਏ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਇਨਸਾਫ ਦਵਾਉਣ ਹਿੱਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਾਲਾ ਬੱਕਰਾ ਰੇਲਵੇ ਸਟੇਸ਼ਨ ਨੇੜੇ ਰੇਲਵੇ ਟ੍ਰੇਕ ਤੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਰਜਿ. ਕਿਸ਼ਨਗੜ੍ਹ ਵੱਲੋਂ ਇਲਾਕੇ ਦੇ ਕਿਸਾਨਾਂ ਨਾਲ ਮਿਲਕੇ ਰੇਲ ਟ੍ਰੇਕ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਸ ਮੌਕੇ ਹੋਰਾਂ ਤੋ ਇਲਾਵਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਤੇ ਉਪ ਪ੍ਰਧਾਨ ਲੰਬੜਦਾਰ ਮੇਕਸ਼ ਚੰਦਰ ਰਾਣੀ ਭੱਟੀ, ਜ. ਸਕੱਤਰ ਦੇਵਿੰਦਰ ਸਿੰਘ ਮਿੰਟਾ ਧਾਲੀਵਾਲ, ਸਰਪੰਚ ਰਾਜਵਿੰਦਰ ਸਿੰਘ ਰਾਜਾ ਈਸਪੁਰ,ਰਾਜੇਸ਼ ਕੁਮਾਰ ਸਰਮਸਤਪੁਰ, ਇੰਦਰਜੀਤ ਸਿੰਘ ਬਿੱਲੂ ਲੰਬੜਦਾਰ, ਸੁਖਜਿੰਦਰ ਸਿੰਘ ਮੰਡ, ਅਮਰਜੀਤ ਸਿੰਘ ਨਵਾ ਪਿੰਡ ਆਦਿ ਇਲਾਕੇ ਦੇ ਕਿਸਾਨਾਂ ਨਾਲ ਵਿਸ਼ੇਸ ਤੌਰ ਤੇ ਹਾਜ਼ਿਰ ਹਨ | ਜ਼ਿਕਰਯੋਗ ਹੈ ਕਿ ਉਕਤ ਧਰਨਾ ਪ੍ਰਦਰਸ਼ਨ ਸ਼ਾਮ 4 ਵਜੇ ਤੱਕ ਜਾਰੀ ਰਹੇਗਾ |

ਦੇਖੋ ਤਸਵੀਰਾਂ

Posted By: Rajnish Kaur