ਪੱਤਰ ਪ੍ਰਰੇਰਕ, ਲਾਂਬੜਾ : ਹਦਵਾਣੇ ਤੇ ਖਰਬੂਜ਼ੇ ਗਰਮੀਆਂ 'ਚ ਸਭ ਤੋਂ ਖਾਧੇ ਜਾਣ ਵਾਲਾ ਫਲ ਮੰਨੇ ਜਾਂਦੇ ਹਨ। ਇਨ੍ਹਾਂ ਫਲਾਂ ਦੇ ਉਤਪਾਦਕਾਂ ਨੂੰ ਮੰਡੀ 'ਚ ਵਾਜਬ ਭਾਅ ਨਾ ਮਿਲਣ 'ਤੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਆਬਾ ਦੇ ਖੇਤਰ ਦੀ ਦੋਨਾ ਬੈਲਟ ਜਲੰਧਰ ਪੱਛਮੀ ਇਲਾਕਾ ਹਦਵਾਣੇ ਤੇ ਖਰਬੂਜ਼ੇ ਦੀ ਖੇਤੀ ਦੇ ਨਾਂ ਨਾਲ ਮਸ਼ਹੂਰ ਹੈ।

ਇਸ ਖੇਤਰ ਦੇ ਕਾਸ਼ਤਕਾਰਾਂ ਨਾਲ ਜਦੋਂ 'ਪੰਜਾਬੀ ਜਾਗਰਣ' ਨੇ ਗੱਲਬਾਤ ਕੀਤੀ ਤਾਂ ਇੱਥੋਂ ਦੇ ਕਸਬਾ ਲਾਂਬੜਾ ਨੇੜੇ ਦੇ ਪਿੰਡਾਂ ਗੋਨਾ ਚੱਕ ਦੇ ਮੇਜਰ ਸਿੰਘ ਨਾਗਰਾ, ਕੀਰਾ ਸਿੰਘ ਨਾਗਰਾ, ਮੰਗਲ ਸਿੰਘ ਨਾਗਰਾ ਕੋਹਾਲਾ, ਤਜਿੰਦਰ ਸਿੰਘ ਅਠਵਾਲ ਅਵਾਦਾਨ, ਭੁਪਿੰਦਰ ਸਿੰਘ ਕੰਗ ਲੱਲੀਆਂ ਕਲਾਂ, ਹਰਵਿੰਦਰ ਸਿੰਘ ਰਾਜਾ ਕੋਹਾਲਾ ਆਦਿ ਜ਼ਿੰਮੀਦਾਰਾਂ ਨੇ ਦੱਸਿਆ ਗਿਆ ਕਿ ਇਸ ਖੇਤਰ 'ਚ ਹਦਵਾਣੇ ਤੇ ਖਰਬੂਜ਼ੇ ਦੀ ਫਸਲ ਸੈਂਕੜੇ ਏਕੜ ਰਕਬੇ ਹੇਠ ਲਾਈ ਗਈ ਹੈ।

ਕੀਰਾ ਸਿੰਘ ਨਾਗਰਾ ਨੇ ਦੋਵੇਂ ਫਲਾਂ ਦੀ ਫਸਲ 'ਤੇ ਰਾਤ ਦਿਨ ਦੀ ਸਖਤ ਮਿਹਨਤ ਕਰ ਕੇ ਕਰੀਬ 15 ਕਿੱਲੋ ਭਾਰ ਤੋਂ ਵੱਧ ਦੇ ਹਦਵਾਣੇ ਨੂੰ ਆਪਣੇ ਹੱਥ 'ਚ ਚੁੱਕ ਕੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਤ ਦੀ ਗਰਮੀ 'ਚ ਹਦਵਾਣੇ ਫਸਲ 'ਤੇ ਹੱਡ ਤੋੜਵੀਂ ਮਿਹਨਤ ਕਰ ਕੇ ਤੇ ਲੱਖਾਂ ਰੁਪਏ ਖਰਚ ਕਰ ਕੇ ਜਦ ਮੰਡੀ 'ਚ ਲਿਜਾਇਆ ਜਾਂਦਾ ਹੈ ਤਾਂ ਵਾਜਬ ਰੇਟ ਨਾ ਮਿਲਣ ਕਾਰਨ ਖਾਲੀ ਹੱਥ ਵਾਪਸ ਮੁੜਨ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਸੈਂਚਰੀ ਕੁਆਲਿਟੀ ਦਾ ਹਦਵਾਣਾ ਪ੍ਰਤੀ ਏਕੜ 24-25 ਟਨ ਤੇ 95 ਨੰਬਰ ਕੁਆਲਿਟੀ 19-20 ਪ੍ਰਤੀ ਏਕੜ ਟਨ ਪੈਦਾਵਾਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ 3 ਏਕੜ ਹਦਵਾਣਾ ਬੀਜਣ ਸਮੇਂ ਬੀਜ ਦਾ 26 ਹਜ਼ਾਰ ਰੁਪਏ ਖਰਚ ਆਉਂਦੇ ਹਨ ਤੇ ਖਰਬੂਜ਼ੇ ਦਾ 28 ਹਜ਼ਾਰ ਰੁਪਏ, ਜਦਕਿ ਹਦਵਾਣਾ ਇਸ ਸਮੇਂ ਪ੍ਰਤੀ ਏਕੜ 8 ਹਜ਼ਾਰ ਰੁਪਏ ਦੀ ਅੌਸਤ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਦਵਾਈਆਂ, ਮਜ਼ਦੂਰੀ ਆਦਿ ਹੋਰ ਖਰਚੇ ਕਿਸਾਨ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਰਹੇ ਹਨ। ਹਦਵਾਣੇ ਤੇ ਖਰਬੂਜ਼ੇ ਦੀ ਫ਼ਸਲ ਨੂੰ ਜਦੋਂ ਕਿਸਾਨ ਮੰਡੀ 'ਚ ਵੇਚਣ ਲਈ ਆੜ੍ਹਤੀਏ ਕੋਲ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਫਸਲ ਦਾ ਵਾਜਬ ਭਾਅ ਨਾ ਮਿਲਣ ਕਰ ਕੇ ਉਸ ਨੂੰ ਘਾਟੇ ਦੀ ਵੱਡੀ ਮਾਰ ਝੱਲਣੀ ਪੈਂਦੀ ਹੈ। ਸਬਜ਼ੀਆਂ ਦੇ ਸੀਜ਼ਨ ਦਾ ਸਿਲਸਿਲਾ ਪਿਛਲੇ ਕਈ ਵਰਿ੍ਹਆਂ ਤੋਂ ਮੰਦਹਾਲੀ ਦੌਰ 'ਚ ਗੁਜ਼ਰ ਰਿਹਾ ਹੈ ਜਿਸ ਕਰ ਕੇ ਕਿਸਾਨ ਤੇ ਮਜ਼ਦੂਰ ਦਿਨੋ-ਦਿਨ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਸਬੰਧਤ ਸਰਕਾਰਾਂ ਤੋਂ ਹਦਵਾਣੇ ਤੇ ਖਰਬੂਜ਼ੇ ਦੀ ਫਸਲ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ।