ਜਤਿੰਦਰ ਪੰਮੀ, ਜਲੰਧਰ : ਪਰਾਲੀ ਨਾ ਸਾੜਨ ਦਾ ਤਜਰਬਾ ਏਨਾ ਸਾਰਥਕ ਹੋਇਆ ਕਿ ਮੁੜ ਝੋਨੇ ਦੀ ਰਹਿੰਦ-ਖੂੰਹਦ ਸਾੜਨ ਦਾ ਖਿਆਲ ਮਨ 'ਚ ਹੀ ਨਹੀਂ ਆਇਆ। ਇਹ ਕਹਿਣਾ ਹੈ ਕਿ ਪਿੰਡ ਚਾਹੜਕੇ ਦੇ ਜਾਗਰੂਕ ਕਿਸਾਨ ਅਮਰਜੀਤ ਸਿੰਘ ਭੰਗੂ ਦਾ ਜਿਹੜਾ ਕਿ ਪਿਛਲੇ ਚਾਰ-ਪੰਜ ਸਾਲ ਤੋਂ ਝੋਨੇ ਦੀ ਰਹਿੰਦ-ਖੰੂਹਦ ਨੂੰ ਅੱਗ ਲਾਉਣ ਦੀ ਬਜਾਏ ਖੇਤਾਂ 'ਚ ਖਪਾ ਕੇ ਖੇਤੀ ਕਰ ਰਿਹਾ ਹੈ। 'ਪੰਜਾਬੀ ਜਾਗਰਣ' ਤੇ 'ਦੈਨਿਕ ਜਾਗਰਣ' ਵੱਲੋਂ ਝੋਨੇ ਦੇ ਰਹਿੰਦ-ਖੰੂਹਦ ਤੇ ਖੇਤਾਂ 'ਚ ਪਰਾਲੀ ਸਾੜਨ ਵਿਰੁੱਧ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਖੇਤਾਂ 'ਚ ਪਰਾਲੀ ਸਾੜਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਹੀ ਕਿਸਾਨ ਦੇ ਮਿੱਤਰ ਕੀੜੇ ਵੀ ਅੱਗ ਦੀ ਭੇਟ ਚੜ੍ਹ ਜਾਂਦੇ ਹਨ, ਜਿਸ ਨਾਲ ਫਸਲਾਂ ਨੂੰ ਜ਼ਿਆਦਾ ਬਿਮਾਰੀਆਂ ਲੱਗਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਖਹਿੜਾ ਛੁਡਵਾਉਣ ਲਈ ਕਿਸਾਨਾਂ ਨੂੰ ਕੀਟਨਾਸ਼ਕ ਤੇ ਨਦੀਨਨਾਸ਼ਕ ਜ਼ਹਿਰਾਂ ਦੀ ਵਰਤੋਂ ਕਰਨੀ ਪੈਂਦੀ ਹੈ ਜੋ ਕਿ ਫਸਲਾਂ ਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਇਸ ਨਾਲ ਲੋਕਾਂ ਨੂੰ ਵੀ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਇਸ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਖੇਤਾਂ 'ਚ ਵਾਹ ਦੇਣੀ ਚਾਹੀਦੀ ਹੈ। ਜਾਗਰੂਕ ਕਿਸਾਨ ਭੰਗੂ ਨੇ ਕਿਹਾ ਕਿ ਹੁਣ ਉਹ ਨਾ ਸਿਰਫ਼ ਪਰਾਲੀ ਦੀ ਰਹਿੰਦ-ਖੰੂਹਦ ਖੇਤਾਂ 'ਚ ਵਾਹ ਦਿੰਦੇ ਹਨ ਬਲਕਿ ਹੌਲ਼ੀ-ਹੌਲ਼ੀ ਜੈਵਿਕ ਖੇਤੀ ਵੀ ਕਰਨ ਲੱਗ ਪਏ ਹਨ ਅਤੇ ਉਨ੍ਹਾਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਫਸਲਾਂ, ਦਾਲਾਂ, ਕਮਾਦ ਆਦਿ ਦੀ ਬਹੁਤ ਮੰਗ ਹੈ। ਜੇ ਸਾਰੇ ਕਿਸਾਨ ਜੈਵਿਕ ਖੇਤੀ ਕਰਨ ਲੱਗ ਪੈਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਪੰਜਾਬੀ ਰੋਗਮੁਕਤ ਹੋ ਜਾਣਗੇ। ਇਸੇ ਤਰ੍ਹਾਂ ਇਕ ਹੋਰ ਕਿਸਾਨ ਗੁਰਪ੍ਰਰੀਤ ਸਿੰਘ ਅਟਵਾਲ ਨੇ ਕਿਹਾ ਕਿ ਪਰਾਲੀ ਨਾ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵਾਧਾ ਹੁੰਦਾ ਹੈ ਤੇ ਫਸਲ ਪਾਲਣ ਲਈ ਪਾਣੀ ਦੀ ਵਰਤੋਂ ਵੀ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜ ਕੇ ਕਿਸਾਨ ਜਿਥੇ ਵਾਤਾਵਰਨ ਦੂਸ਼ਿਤ ਕਰ ਰਹੇ ਹਨ, ਉਥੇ ਉਹ ਲੋਕਾਂ, ਆਪਣੇ ਬੱਚਿਆਂ ਤੇ ਆਪਣੇ-ਆਪ ਨੂੰ ਬਿਮਾਰੀਆਂ ਲਾ ਰਹੇ ਹਨ। ਇਸ ਲਈ ਕਿਸਾਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਰਾਲੀ ਨਾ ਸਾੜ ਕੇ ਗੁਰੂ ਸਾਹਿਬ ਵੱਲੋਂ ਵਾਤਾਵਰਨ ਹਰਿਆ-ਭਰਿਆ ਰੱਖਣ ਲਈ ਦਿੱਤੀ ਗਈ ਸਿੱਖਿਆ 'ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕਮਲਜੀਤ ਸਿੰਘ ਘੁੰਮਣ ਤੇ ਕਰਮਜੀਤ ਸਿੰਘ ਭੰਗੂ ਵੀ ਮੌਜੂਦ ਸਨ, ਜਿਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਤੇ ਜਾਗਰਣ ਗਰੁੱਪ ਦੀ ਇਸ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕੀਤੀ।