ਫਰਜ਼ੀ ਡੀਐਲ ਬਣਾਉਣ ਦਾ ਫਿਲੌਰ ਵਿਚ ਹੋਇਆ ਟੈਸਟ
ਜਾਸ, ਜਲੰਧਰ : ਯੂਰਪ
Publish Date: Fri, 07 Nov 2025 12:10 AM (IST)
Updated Date: Fri, 07 Nov 2025 12:13 AM (IST)
ਜਾਸ, ਜਲੰਧਰ : ਯੂਰਪ ’ਚ ਸਟੱਡੀ ਵੀਜ਼ਾ ’ਤੇ ਪਿਛਲੇ ਕਰੀਬ 9 ਮਹੀਨਿਆਂ ਤੋਂ ਰਹਿ ਰਹੇ ਪੱਕਾ ਬਾਗ ਦੇ ਵਾਸੀ ਕ੍ਰਿਸ਼ਨਾ ਖੁਰਾਨਾ ਦਾ ਸ਼ਹਿਰ ’ਚੋਂ ਡਰਾਈਵਿੰਗ ਲਾਇਸੈਂਸ ਜਾਰੀ ਹੋਣ ਦੇ ਮਾਮਲੇ ਦੀ ਜਾਂਚ ਵੀਰਵਾਰ ਨੂੰ ਪੂਰੀ ਹੋ ਗਈ ਹੈ। ਜਾਂਚ ਅਧਿਕਾਰੀ ਏਆਰਟੀਓ ਵਿਸ਼ਾਲ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ। ਉਹ ਸ਼ੁੱਕਰਵਾਰ ਨੂੰ ਜਾਂਚ ਰਿਪੋਰਟ ਆਰਟੀਓ ਅਮਨਪਾਲ ਸਿੰਘ ਨੂੰ ਸੌਂਪ ਦੇਣਗੇ, ਜਿਨ੍ਹਾਂ ਜ਼ਰੀਏ ਜਾਂਚ ਰਿਪੋਰਟ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਭੇਜੀ ਜਾਵੇਗੀ। ਇਸ ਤੋਂ ਬਾਅਦ ਡੀਐੱਲ ਰੱਦ ਕਰਨ ਦੇ ਨਾਲ-ਨਾਲ ਦੋਸ਼ੀ ਪਾਏ ਗਏ ਦੋਵੇਂ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾਣਗੇ। ਦੋਵੇਂ ਮੁਲਾਜ਼ਮ ਸੁਸਾਇਟੀ ਤਹਿਤ ਕੰਮ ਕਰ ਰਹੇ ਹਨ।
ਏਆਰਟੀਓ ਵਿਸ਼ਾਲ ਗੋਇਲ ਨੇ ਦੱਸਿਆ ਕਿ ਫਰਜ਼ੀ ਡੀਐੱਲ ਬਣਵਾਉਣ ਵਾਲੇ ਕ੍ਰਿਸ਼ਨਾ ਖੁਰਾਨਾ ਦਾ ਡਰਾਈਵਿੰਗ ਟੈਸਟ ਜਲੰਧਰ ਦੀ ਬਜਾਏ ਫਿਲੌਰ ਦੇ ਟ੍ਰੈਕ ’ਤੇ ਹੋਇਆ ਸੀ, ਜਿੱਥੇ ਵੀਰਵਾਰ ਨੂੰ ਜਾਂਚ ਲਈ ਗਏ ਸਨ। ਉਨ੍ਹਾਂ ਨੇ ਦੱਸਿਆ ਕਿ 13 ਅਕਤੂਬਰ ਦੀ ਸ਼ਾਮ ਕਰੀਬ 5 ਵਜੇ ਉਸ ਦਾ ਟੈਸਟ ਹੋਇਆ ਸੀ, ਜਿੱਥੇ ਮੌਕੇ 'ਤੇ ਤਾਇਨਾਤ ਟੈਸਟ ਲੈਣ ਵਾਲੇ ਡਾਟਾ ਐਂਟਰੀ ਆਪ੍ਰੇਟਰ ਮੁਖਤਿਆਰ ਚੰਦ ਨੇ ਦਾਅਵਾ ਕੀਤਾ ਕਿ ਕ੍ਰਿਸ਼ਨਾ ਖੁਰਾਨਾ ਨੇ ਖ਼ੁਦ ਟੈਸਟ ਦਿੱਤਾ ਸੀ। ਨਾਲ ਹੀ ਟ੍ਰੈਕ 'ਤੇ ਰਜਿਸਟਰ ’ਚ ਬਿਨੈਕਾਰ ਦੇ ਨਾਂ ਦੀ ਐਂਟਰੀ ਕਰਨ ਵਾਲੇ ਮੋਹਿਤ ਕੁਮਾਰ ਨੇ ਦੱਸਿਆ ਕਿ ਟੈਸਟ ਦੇਣ ਕ੍ਰਿਸ਼ਨਾ ਖੁਰਾਨਾ ਖ਼ੁਦ ਆਇਆ ਸੀ। ਵਿਸ਼ਾਲ ਗੋਇਲ ਨੇ ਦੱਸਿਆ ਕਿ ਉਹ ਖ਼ੁਦ ਬੁੱਧਵਾਰ ਨੂੰ ਕ੍ਰਿਸ਼ਨਾ ਖੁਰਾਨਾ ਦੇ ਪੱਕਾ ਬਾਗ ਸਥਿਤ ਘਰ ਗਏ ਸਨ, ਜਿੱਥੇ ਉਸ ਦੇ ਪਰਿਵਾਰ ਦਾ ਬਿਆਨ ਦਰਜ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਪੁੱਤਰ ਮਾਰਚ ਤੋਂ ਵਿਦੇਸ਼ ’ਚ ਹੈ ਅਤੇ ਉਸ ਤੋਂ ਬਾਅਦ ਘਰ ਨਹੀਂ ਆਇਆ। ਇਸ ਨਾਲ ਸਾਫ ਹੋ ਜਾਂਦਾ ਹੈ ਕਿ ਡਾਟਾ ਐਂਟਰੀ ਆਪ੍ਰੇਟਰ ਤੇ ਰਜਿਸਟਰ ’ਚ ਐਂਟਰੀ ਕਰਨ ਵਾਲਾ ਸੱਚ ਨਹੀਂ ਬੋਲ ਰਿਹਾ। ਟ੍ਰੈਕ ਦਾ ਸੀਸੀਟੀਵੀ ਫੁਟੇਜ ਵੀ ਚੈੱਕ ਕੀਤਾ ਗਿਆ, ਜਿਸ ਵਿਚ ਟੈਸਟ ਦੇਣ ਵਾਲੇ ਦੀ ਫੋਟੋ ਸਹੀ ਨਹੀਂ ਦਿਖਾਈ ਦੇ ਰਹੀ ਹੈ। ਇਹ ਡਾਟਾ ਵੀ ਚੰਡੀਗੜ੍ਹ ਦੇ ਆਫਿਸ ਤੋਂ ਮੰਗਵਾਇਆ ਗਿਆ ਹੈ।