ਮਨੂਪਾਲ ਸ਼ਰਮਾ, ਜਲੰਧਰ : ਬਾਇਓ ਡੀਜ਼ਲ ਦੇ ਨਾਂ 'ਤੇ ਸੂਬੇ ਭਰ ਵਿਚ ਵਿਕ ਰਿਹਾ ਨਕਲੀ ਡੀਜ਼ਲ ਪੈਟਰੋਲੀਅਮ ਡੀਲਰਜ਼ ਤੇ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾ ਰਿਹਾ ਹੈ। ਨਕਲੀ ਡੀਜ਼ਲ ਦੀ ਵਜ੍ਹਾ ਨਾਲ ਜਿੱਥੇ ਪੈਟਰੋਲੀਅਮ ਡੀਲਰਜ਼ ਦੀ ਵਿਕਰੀ 'ਚ ਗਿਰਾਵਟ ਹੈ, ਉੱਥੇ ਹੀ ਸਰਕਾਰ ਨੂੰ ਡੀਜ਼ਲ ਦੀ ਵਿਕਰੀ ਤੋਂ ਮਿਲਣ ਵਾਲੇ ਮਾਲੀਏ 'ਚ ਵੀ ਕਮੀ ਦਰਜ ਕੀਤੀ ਗਈ ਹੈ। ਰਾਜਸਥਾਨ ਤੇ ਗੁਜਰਾਤ ਤੋਂ ਆ ਰਿਹਾ ਨਕਲੀ ਡੀਜ਼ਲ ਕੁਝ ਸਨਅਤੀ ਇਕਾਈਆਂ ਤੇ ਹਲਵਾਈ ਖਰੀਦ ਰਹੇ ਹਨ ਤੇ ਇਸ ਦੀ ਖਪਤ ਵੀ ਲਗਾਤਾਰ ਵਧਦੀ ਜਾ ਰਹੀ ਹੈ। ਨਕਲੀ ਡੀਜ਼ਲ ਦੀ ਵਿਕਰੀ ਹੋਣ ਦੀ ਸੂਚਨਾ ਦੇ ਬਾਵਜੂਦ ਇਸ 'ਤੇ ਕੋਈ ਰੋਕ ਨਹੀਂ ਲੱਗ ਪਾ ਰਹੀ ਹੈ। ਹਾਲਾਂਕਿ ਤੇਲ ਕੰਪਨੀਆਂ ਸਮੇਤ ਪੈਟਰੋਲੀਅਮ ਡੀਲਰਜ਼ ਨੂੰ ਵੀ ਨਕਲੀ ਡੀਜ਼ਲ ਦੀ ਵਿਕਰੀ ਬਾਰੇ ਜਾਣਕਾਰੀ ਹੈ। ਇੱਥੇ ਹੀ ਬਸ ਨਹੀਂ ਹੈ।

ਨਕਲੀ ਡੀਜ਼ਲ ਪੈਟਰੋਲੀਅਮ ਡੀਲਰਜ਼ ਦੀ ਵਿਕਰੀ ਘਟਾਉਣ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਤੋਂ ਇਲਾਵਾ ਟੂਰਿਜ਼ਮ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਨਕਲੀ ਡੀਜ਼ਲ ਪ੍ਰਦੂਸ਼ਣ ਫੈਲਾ ਰਿਹਾ ਹੈ। ਨਕਲੀ ਡੀਜ਼ਲ ਬਣਾਉਂਦੇ ਸਮੇਂ ਪ੍ਰਦੂਸ਼ਣ ਮਾਪਦੰਡਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਲਗਪਗ ਪੰਜ ਮਹੀਨੇ ਪਹਿਲਾਂ ਪੰਜਾਬ 'ਚ ਨਕਲੀ ਡੀਜ਼ਲ ਦੀ ਹਜ਼ਾਰਾਂ ਲੀਟਰ ਦੀ ਖੇਪ ਫੜੀ ਗਈ ਸੀ, ਪਰ ਉਸ ਤੋਂ ਬਾਅਦ ਵੀ ਨਕਲੀ ਡੀਜ਼ਲ ਨਕਲੀ ਡੀਜ਼ਲ ਦੀ ਵਿਕਰੀ ਘੱਟ ਨਹੀਂ ਹੋਈ ਹੈ।

ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ, ਪੰਜਾਬ (ਪੀਪੀਡੀਏਪੀ) ਦੇ ਬੁਲਾਰੇ ਮੋਂਟੀ ਗੁਰਮੀਤ ਸਹਿਗਲ ਨੇ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੂਬੇ 'ਚ ਗੁਜਰਾਤ ਅਤੇ ਰਾਜਸਥਾਨ ਤੋਂ ਬਾਇਓ ਡੀਜ਼ਲ ਦੇ ਨਾਂ 'ਤੇ ਨਕਲੀ ਡੀਜ਼ਲ ਦੀ ਸਪਲਾਈ ਹੋ ਰਹੀ ਹੈ। ਕੁਝ ਸਨਅਤੀ ਇਕਾਈਆਂ ਤੇ ਹਲਵਾਈ ਵਰਗ ਇਹ ਨਕਲੀ ਡੀਜ਼ਲ ਖਰੀਦ ਰਿਹਾ ਹੈ। ਪੈਟਰੋਲੀਅਮ ਡੀਲਰਾਂ ਦੀ ਵਿਕਰੀ 'ਚ ਨਕਲੀ ਡੀਜ਼ਲ ਦੀ ਵਜ੍ਹਾ ਨਾਲ 10 ਫ਼ੀਸਦ ਦੇ ਲਗਪਗ ਗਿਰਾਵਟ ਹੈ, ਪਰ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦੈ ਕਿ ਮਾਲੀਆ ਪ੍ਰਾਪਤੀ ਨੂੰ ਵੀ ਚੂਨਾ ਲੱਗ ਰਿਹਾ ਹੈ।

ਮੋਂਟੀ ਗੁਰਮੀਤ ਸਹਿਗਲ ਨੇ ਕਿਹਾ ਕਿ ਨਕਲੀ ਡੀਜ਼ਲ ਦੇ ਸੜਨ ਨਾਲ ਵੱਡੀ ਮਾਤਰਾ 'ਚ ਪ੍ਰਦੂਸ਼ਣ ਪੈਦਾ ਹੁੰਦਾ ਹੈ ਕਿਉਂਕਿ ਇਸ ਵਿਚ ਸਲਫਰ ਦਾ ਤੱਤ ਜ਼ਿਆਦਾ ਪਾਇਆ ਜਾਂਦਾ ਹੈ ਜੋ ਵਾਤਾਵਰਨ ਲਈ ਬੇਹੱਦ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਤੇ ਤੇਲ ਕੰਪਨੀਆਂ ਨੇ ਨਕਲੀ ਡੀਜ਼ਲ ਦੀ ਵਿਕਰੀ ਰੋਕਣ ਸਬੰਧੀ ਸਖ਼ਤ ਕਦਮ ਨਾ ਚੁੱਕੇ ਤਾਂ ਫਿਰ ਪੰਜਾਬ ਦਾ ਭਾਰੀ ਨੁਕਸਾਨ ਹੋਵੇਗਾ। ਪੈਟਰੋਲੀਅਮ ਇੰਡਸਟਰੀ ਬਰਬਾਦ ਹੋਵੇਗੀ ਤੇ ਵਾਤਾਵਰਨ ਨੂੰ ਵੀ ਖਾਸਾ ਨੁਕਸਾਨ ਪਹੁੰਚੇਗਾ।

Posted By: Seema Anand