ਜਤਿੰਦਰ ਪੰਮੀ, ਜਲੰਧਰ : ਪੈਗਾਮ ਸੰਸਥਾ ਨੇ ਪੀਡਬਲਯੂਡੀ ਵਿਭਾਗ ਪੰਜਾਬ 'ਚ ਤਾਇਨਾਤ ਸਬ-ਡਵੀਜ਼ਨ ਇੰਜੀਨੀਅਰ (ਐੱਸਡੀਈ) 'ਤੇ ਫਰਜ਼ੀ ਐੱਸਸੀ ਸਰਟੀਫਿਕੇਟ ਤੇ ਅਦਾਲਤੀ ਡਿਗਰੀ ਬਣਵਾ ਕੇ ਪਹਿਲਾਂ ਨੌਕਰੀ ਤੇ ਫਿਰ ਤਰੱਕੀ ਲੈਣ 'ਤੇ ਦੋਸ਼ ਲਾਏ ਹਨ। ਸੰਸਥਾ ਨੇ ਹਾਈ ਕੋਰਟ, ਮੁੱਖ ਸਕੱਤਰ ਤੇ ਹੋਰ ਸਬੰਧਤ ਵਿਭਾਗਾਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਪੈਗਾਮ ਸੰਸਥਾ ਦੇ ਇੰਚਾਰਜ ਐੱਸਆਰ ਲੱਧੜ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਪੀਡਬਲਯੂਡੀ (ਬੀ ਐਂਡ ਆਰ) ਮੋਹਾਲੀ ਵਿਖੇ ਤਾਇਨਾਤ ਐੱਸਡੀਈ ਮਨਜੀਤ ਸਿੰਘ ਬਾਰੇ ਸੰਸਥਾ ਨੂੰ ਜਾਣਕਾਰੀ ਮਿਲੀ ਸੀ ਕਿ ਉਹ ਜੱਟ ਸਿੱਖ ਬਰਾਦਰੀ ਨਾਲ ਸਬੰਧਤ ਹੈ, ਜਿਸ ਨੇ ਜਾਅਲੀ ਐੱਸਸੀ ਸਰਟੀਫਿਕੇਟ, ਫਰਜ਼ੀ ਡਿਗਰੀ ਤੇ ਜਾਅਲੀ ਸਿਵਲ ਕੋਰਟ ਦੀ ਡਿਕਰੀ ਹਾਸਲ ਕਰਕੇ ਧੋਖੇ ਨਾਲ ਪਹਿਲਾਂ ਨੌਕਰੀ ਹਾਸਲ ਕੀਤੀ ਤੇ ਹੁਣ ਤਰੱਕੀ ਲੈ ਕੇ ਐੱਸਡੀਈ ਦੇ ਅਹੁਦੇ ਦਾ ਲਾਭ ਲੈ ਰਿਹਾ ਹੈ। ਸੰਸਥਾ ਵੱਲੋਂ ਇਸ ਮਾਮਲੇ 'ਚ ਵਿਜੀਲੈਂਸ ਕੋਲੋਂ ਜਾਂਚ ਕਰਵਾ ਕੇ ਉਕਤ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ, ਐੱਸਸੀ ਕਮਿਸ਼ਨ, ਗਵਰਨਰ ਪੰਜਾਬ, ਮੁੱਖ ਸਕੱਤਰ, ਵਿਭਾਗ ਦੇ ਸਕੱਤਰ ਅਤੇ ਵਿਜੀਲੈਂਸ ਵਿਭਾਗ ਨੂੰ ਪੱਤਰ ਲਿਖੇ ਹਨ।

ਲੱਧੜ ਨੇ ਦੱਸਿਆ ਕਿ ਸੰਸਥਾ ਨੂੰ ਪੜਤਾਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਮਨਜੀਤ ਸਿੰਘ ਸੇਖੋਂ ਵਾਸੀ ਫਤਹਿਗੜ੍ਹ ਸਾਹਿਬ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਹੈ। ਉਸ ਨੇ 2001 ਵਿਚ ਅਮਲੋਹ ਦੀ ਸਿਵਲ ਕੋਰਟ 'ਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਯੂਪੀ ਵਾਸੀ ਐੱਸਸੀ ਬਰਾਦਰੀ ਦੇ ਸ੍ਰੀਰਾਮ ਜੋ ਉਸ ਵੇਲੇ ਪੀਡਬਲਯੂਡੀ ਵਿਚ ਬੇਲਦਾਰ ਲੱਗਾ ਹੋਇਆ ਸੀ, ਦੀ ਪਤਨੀ ਵੱਲੋਂ ਉਸ ਨੂੰ ਗੋਦ ਲੈਣ ਦੀ ਬੋਗਸ ਅਡਾਪਸ਼ਨ ਤੇ ਸਕਸੈਸ਼ਨ ਦੀ ਡਿਕਰੀ ਹਾਸਲ ਕੀਤੀ ਸੀ। ਇਸ ਦੇ ਆਧਾਰ 'ਤੇ ਮਨਜੀਤ ਸਿੰਘ ਨੇ ਐੱਸਸੀ (ਵਾਲਮੀਕਿ) ਦਾ ਸਰਟੀਫਿਕੇਟ ਹਾਸਲ ਕਰ ਲਿਆ।

ਉਸ ਨੂੰ ਇਹ ਸਰਟੀਫਿਕੇਟ 26-6-2016 ਨੂੰ ਮੰਡੀ ਗੋਬਿੰਦਗੜ੍ਹ ਦੇ ਨਾਇਬ ਤਹਿਸੀਲਦਾਰ ਵੱਲੋਂ ਜਾਰੀ ਕੀਤਾ ਗਿਆ ਸੀ। ਉਸ ਦੇ ਇਸ ਗੈਰ ਕਾਨੂੰਨੀ ਕੰਮ ਵਿਚ ਉਸ ਦੇ ਮਾਤਾ-ਪਿਤਾ, ਸਲਾਹਕਾਰ ਤੇ ਗਵਾਹਾਂ ਨੇ ਸਾਥ ਦਿੱਤਾ ਸੀ। ਸ੍ਰੀਰਾਮ ਦੀ ਮੌਤ ਤੋਂ ਬਾਅਦ ਮਨਜੀਤ ਸਿੰਘ ਨੇ ਜਾਅਲੀ ਸਰਟੀਫਿਕੇਟਾਂ ਦੇ ਆਧਾਰ 'ਤੇ ਪੀਡਬਲਯੂਡੀ 'ਚ ਸ੍ਰੀਰਾਮ ਦੇ ਪੁੱਤਰ ਵਜੋਂ ਲਾਭ ਲੈਂਦਿਆਂ ਨੌਕਰੀ ਹਾਸਲ ਕਰ ਲਈ। ਉਪਰੰਤ ਉਸ ਨੇ ਪਹਿਲਾਂ ਜਾਅਲੀ ਡਿਪਲੋਮਾ ਸਰਟੀਫਿਕੇਟ ਦੇ ਆਧਾਰ 'ਤੇ ਜੇਈ ਵਜੋਂ ਤੇ ਫਿਰ ਜਾਅਲੀ ਡਿਗਰੀ ਦੇ ਆਧਾਰ 'ਤੇ ਐੱਸਡੀਈ ਵਜੋਂ ਤਰੱਕੀ ਦਾ ਲਾਭ ਵੀ ਲੈ ਲਿਆ। ਸੰਸਥਾ ਦੇ ਅਹੁਦੇਦਾਰਾਂ ਨੇ ਹਾਈ ਕੋਰਟ ਦੇ ਰਜਿਸਟਰਾਰ ਕੋਲੋਂ ਜਾਅਲੀ ਡਿਗਰੀ ਦੀ ਡੂੰਘਾਈ ਨਾਲ ਜਾਂਚ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਸੰਸਥਾ ਵੱਲੋਂ ਪੀਡਬਲਯੂਡੀ (ਬੀ ਐਂਡ ਆਰ) ਦੇ ਸਕੱਤਰ ਵਿਕਾਸ ਪ੍ਰਤਾਪ ਨੂੰ ਪੱਤਰ ਲਿਖ ਕੇ ਮਨਜੀਤ ਸਿੰਘ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਆਈਪੀਐੱਸ ਸੁਰਿੰਦਰ ਕੁਮਾਰ, ਸਾਬਕਾ ਡਿਪਟੀ ਅੰਬੈਸਡਰ ਗੁਰਦੀਪ ਸਿੰਘ ਵਰਵਾਲ ਵੀ ਮੌਜੂਦ ਸਨ।

ਹਰ ਜਾਂਚ ਲਈ ਤਿਆਰ ਹਾਂ : ਐੱਸਡੀਈ ਮਨਜੀਤ

ਇਸ ਸਬੰਧੀ ਐੱਸਡੀਈ ਮਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਪਿਛਲੇ 18 ਸਾਲਾਂ ਤੋਂ ਨੌਕਰੀ ਕਰ ਰਿਹਾ ਹੈ ਅਤੇ ਸਾਰੇ ਦਸਤਾਵੇਜ਼ ਸਹੀ ਹਨ। ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ। ਆਪਣੇ ਡਿਪਲੋਮੇ ਬਾਰੇ ਗੱਲ ਕਰਦਿਆਂ ਐੱਸਡੀਈ ਨੇ ਕਿਹਾ ਕਿ ਉਸ ਨੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਪਾਲੀਟੈਕਨਿਕ ਕਾਲਜ ਤੋਂ ਨੌਕਰੀ ਦੌਰਾਨ ਡਿਪਲੋਮਾ ਪਾਸ ਕੀਤਾ ਸੀ।