ਮਨੂੰਪਾਲ ਸ਼ਰਮਾ, ਜਲੰਧਰ

ਦੇਸ਼ ਦੀ ਪ੍ਰਮੁੱਖ ਆਇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਦੇ ਡੀਜੀਐੱਮ (ਰਿਟੇਲ ਸੇਲਜ਼) ਅਤੁਲ ਗੁਪਤਾ ਦਾ ਫੇਸਬੁੱਕ ਅਕਾਊਂਟ ਹੈਕ ਕਰ ਕੇ ਉਨ੍ਹਾਂ ਦੇ ਦੋਸਤਾਂ ਤੋਂ ਪੇਟੀਐੱਮ 'ਤੇ ਪੈਸੇ ਟਰਾਂਸਫਰ ਕਰਵਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਡੀਜੀਐੱਮ ਅਤੁਲ ਗੁਪਤਾ ਨੂੰ ਫੇਸਬੁੱਕ ਅਕਾਊਂਟ ਹੈਕ ਹੋਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਸੋਮਵਾਰ ਸਵੇਰੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਇਸ ਸਬੰਧੀ ਉਨ੍ਹਾਂ ਨੂੰ ਸੂਚਿਤ ਕੀਤਾ।

ਹੈਰਾਨੀ ਇਸ ਗੱਲ ਦੀ ਰਹੀ ਕਿ ਅਤੁਲ ਗੁਪਤਾ ਵੱਲੋਂ ਆਪਣਾ ਫੇਸਬੁੱਕ ਅਕਾਊਂਟ ਬੰਦ ਕਰ ਦਿੱਤੇ ਜਾਣ ਦੇ ਬਾਵਜੂਦ ਹੈਕਰ ਕਲੋਨਿੰਗ ਜ਼ਰੀਏ ਉਨ੍ਹਾਂ ਦੇ ਫੇਸਬੁੱਕ ਅਕਾਊਂਟ ਨੂੰ ਚਲਾਉਂਦੇ ਰਹੇ ਅਤੇ ਸੋਮਵਾਰ ਦੇਰ ਰਾਤ ਤਕ ਉਨ੍ਹਾਂ ਦੇ ਦੋਸਤਾਂ ਤੋਂ ਪੇਟੀਐੱਮ 'ਤੇ ਪੈਸੇ ਟਰਾਂਸਫਰ ਕਰਵਾਉਣ ਦੇ ਮੈਸੇਜ ਭੇਜਦੇ ਰਹੇ।

ਅਤੁਲ ਗੁਪਤਾ ਨੇ ਦੱਸਿਆ ਕਿ ਫੇਸਬੁੱਕ ਮੈਸੇਂਜਰ ਜ਼ਰੀਏ ਹੈਕਰ ਉਨ੍ਹਾਂ ਦੇ ਦੋਸਤਾਂ ਨੂੰ ਉਨ੍ਹਾਂ ਵੱਲੋਂ ਇਹ ਮੈਸੇਜ ਭੇਜ ਰਹੇ ਹਨ ਕਿ ਉਨ੍ਹਾਂ ਨੂੰ ਕੁਝ ਪੈਸਿਆਂ ਦੀ ਲੋੜ ਹੈ ਅਤੇ ਉਹ ਕੱਲ੍ਹ ਵਾਪਸ ਵੀ ਕਰ ਦੇਣਗੇ। ਹੈਕਰਾਂ ਵੱਲੋਂ ਉਨ੍ਹਾਂ ਦੇ ਕੁਝ ਦੋਸਤਾਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦਸ ਹਜ਼ਾਰ, ਕੁਝ ਨੂੰ 20 ਹਜ਼ਾਰ ਤੇ ਕੁਝ ਨੂੰ 30 ਹਜ਼ਾਰ ਰੁਪਏ ਟਰਾਂਸਫਰ ਕਰਵਾਉਣ ਦੀ ਰਿਕਵੈਸਟ ਭੇਜੀ ਗਈ। ਅਤੁਲ ਗੁਪਤਾ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਜਦੋਂ ਪੜਤਾਲ ਕਰਵਾਈ ਤਾਂ ਪਤਾ ਲੱਗਾ ਕਿ ਹੈਕਰ ਪੰਜਾਬ ਦੇ ਲੰਬੀ, ਅੰਮਿ੍ਤਸਰ ਤੇ ਲੁਧਿਆਣਾ ਤੋਂ ਪੇਟੀਐੱਮ ਨੰਬਰ ਚਲਾ ਰਹੇ ਹਨ।

ਅਤੁਲ ਗੁਪਤਾ ਨੇ ਦੱਸਿਆ ਕਿ ਹਾਲਾਂਕਿ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਹੈਕ ਹੋ ਚੁੱਕਾ ਹੈ। ਇਸ ਕਾਰਨ ਉਨ੍ਹਾਂ ਦੇ ਫੇਸਬੁੱਕ ਮੈਸੇਂਜਰ ਤੋਂ ਭੇਜੀ ਜਾ ਰਹੀ ਰਿਕਵੈਸਟ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਅਤੇ ਪੈਸੇ ਟਰਾਂਸਫਰ ਨਾ ਕੀਤੇ ਜਾਣ। ਹਾਲਾਂਕਿ ਜਦੋਂ ਤਕ ਗੁਪਤਾ ਨੂੰ ਅਕਾਊਂਟ ਹੈਕ ਹੋਣ ਦਾ ਪਤਾ ਚੱਲਦਾ, ਤਦ ਤਕ ਉਨ੍ਹਾਂ ਦੇ ਕੁਝ ਦੋਸਤ ਤੇ ਰਿਸ਼ਤੇਦਾਰ ਹੈਕਰਜ਼ ਦੇ ਅਕਾਊਂਟ ਵਿਚ ਪੈਸੇ ਟਰਾਂਸਫਰ ਕਰ ਚੁੱਕੇ ਸਨ।

ਫੇਸਬੁੱਕ ਅਕਾਊਂਟ ਹੈਕ ਹੋਣ ਦਾ ਪਤਾ ਲੱਗਦੇ ਹੀ ਡੀਜੀਐੱਮ ਅਤੁਲ ਗੁਪਤਾ ਨੇ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰਰੀਤ ਸਿੰਘ ਭੁੱਲਰ ਨੂੰ ਇਸ ਬਾਰੇ ਸ਼ਿਕਾਇਤ ਭੇਜ ਕੇ ਹੈਕਰਜ਼ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ।