ਜੇਐੱਨਐੱਨ, ਜਲੰਧਰ : ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ 'ਚ ਸੋਮਵਾਰ ਨੂੰ ਹੋਈ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐੱਫਐਂਡਸੀਸੀ) ਦੀ ਮੀਟਿੰਗ 'ਚ ਏਜੰਡੇ 'ਚ ਰੱਖੇ ਸਾਰੇ ਟੈਂਡਰਾਂ ਦੇ ਪ੍ਰਸਤਾਵ ਮਨਜ਼ੂਰ ਕਰ ਲਏ ਗਏ ਹਨ। ਕਰੀਬ 4.50 ਕਰੋੜ ਦੇ 18 ਟੈਂਡਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਟੈਂਡਰ ਸੜਕ, ਪਾਰਕ, ਟਿਊਬਵੈੱਲ, ਸੀਵਰੇਜ ਤੇ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਜ਼ੀਰੋ ਲੈਵਲ ਸਫ਼ਾਈ ਦੇ ਹਨ। ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਸਫ਼ਾਈ 'ਤੇ ਕਰੀਬ ਢਾਈ ਕਰੋੜ ਰੁਪਏ ਖ਼ਰਚ ਹੋਣਗੇ। ਸੁਪਰ ਸਕਸ਼ਨ ਮਸ਼ੀਨ ਨਾਲ ਜ਼ੋਨ ਨੰਬਰ 1, 2, 3, 4, 5ਏ ਤੇ 6 ਦੇ ਇਲਾਕਿਆਂ 'ਚ ਸੀਵਰੇਜ ਸਾਫ਼ ਕੀਤੇ ਜਾਣੇ ਹਨ। ਬਰਸਾਤ ਤੋਂ ਪਹਿਲਾਂ ਸੀਵਰੇਜ ਦੀ ਸਫ਼ਾਈ ਦਾ ਟੀਚਾ ਹੈ ਤਾਂਕਿ ਇਨ੍ਹਾਂ ਇਲਾਕਿਆਂ 'ਚ ਪਾਣੀ ਖੜ੍ਹਾ ਹੋਣ ਦੀ ਸਥਿਤੀ ਤੋਂ ਬਚਿਆ ਜਾ ਸਕੇ। ਨਗਰ ਨਿਗਮ ਦੇ ਇੰਡਸਟ੍ਰੀਅਲ ਏਰੀਆ ਜ਼ੋਨ ਨੰਬਰ 2 'ਚ ਨਵੀਂ ਬਿਲਡਿੰਗ ਬਣਾਉਣ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਵਾਰਡ ਨੰਬਰ 8 ਦੇ ਚੋਹਕਾਂ 'ਚ ਸ਼ਮਸ਼ਾਨਘਾਟ 'ਚ ਇਨਫ੍ਰਾਸਟਰੱਕਚਰ ਡਵੈੱਲਪ, ਵਾਰਡ ਨੰਬਰ 24 ਦੇ ਕੰਨਿਆਵਾਲੀ 'ਚ ਪਾਰਕ ਵਿਕਸਿਤ ਕਰਨ ਦੇ ਟੈਂਡਰ, ਸ਼ਹੀਦ ਭਗਤ ਸਿੰਘ ਕਾਲੋਨੀ ਤੇ ਸਬਜ਼ੀ ਮੰਡੀ ਦੇ ਡਿਸਪੋਜ਼ਲ ਲਈ ਜਨਰੇਟਰ ਖ਼ਰੀਦਣ, ਵਾਰਡ ਨੰਬਰ 55 ਦੇ ਜਗਤਪੁਰਾ ਦੇ ਟਿਊਬਵੈੱਲ ਸਾਈਟ ਨੂੰ ਬਦਲ ਕੇ ਵਾਰਡ ਨੰਬਰ 60 ਦੇ ਲਕਸ਼ਮੀਪੁਰਾ ਕਰਨ ਦੇ ਪ੍ਰਸਤਾਵ ਤੇ ਵਾਰਡ ਨੰਬਰ 22 ਤੇ 29 'ਚ ਮੇਂਟੀਨੈਂਸ ਦੇ ਕੰਮਾਂ ਦੇ ਟੈਂਡਰ ਪਾਸ ਕਰ ਦਿੱਤੇ ਗਏ ਹਨ। ਸੀਵਰੇਜ ਜੈਟਿੰਗ ਮਸ਼ੀਨ ਵੀ ਕਰਵਾਈ ਜਾਵੇਗੀ। ਮੀਟਿੰਗ 'ਚ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ ਜਦਕਿ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਮੈਂਬਰ ਗਿਆਨ ਚੰਦ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਅਮਿਤ ਸਰੀਨ, ਐੱਸਈ ਰਜਨੀਸ਼ ਡੋਗਰਾ, ਸਤਿੰਦਰ ਕੁਮਾਰ, ਰਾਹੁਲ ਧਵਨ, ਡੀਸੀਐੱਫਏ ਸੰਦੀਪ ਕੁਮਾਰ ਮੌਜੂਦ ਰਹੇ।

ਇਹ ਸੜਕਾਂ ਬਣਨਗੀਆਂ : ਸੈਦਾਂ ਗੇਟ, ਸੰਤੋਖਪੁਰਾ 'ਚ ਬਾਬਾ ਨਿੰਬੂ ਸ਼ਾਹ ਰੋਡ, ਸਹਿਦੇਵ ਮਾਰਕੀਟ, ਸੰਤੋਖਪੁਰਾ 'ਚ ਪਟਵਾਰੀ ਵਾਲੀ ਗਲੀ, ਮਖਦੂਮਪੁਰਾ ਕੋਟ ਪਕਸ਼ੀਆਂ, ਸਲੇਮਪੁਰ ਮੁਸਲਮਾਨਾਂ।

ਸੀਵਰੇਜ ਦੇ ਕੰਮ : ਭਾਰਤ ਨਗਰ, ਸਤਨਾਮ ਨਗਰ, ਗੁਰੂ ਨਾਨਕ ਪੁਰਾ ਵੈਸਟ, ਰਿਸ਼ੀ ਨਗਰ 'ਚ ਰਾਜੂ ਵਾਲੀ ਗਲੀ, ਰਾਮਾਮੰਡੀ 'ਚ ਗੁਲਮਰਗ ਐਵੀਨਿਊ।