ਜੇਐੱਨਐੱਨ, ਜਲੰਧਰ : ਈਐੱਸਆਈ ਹਸਪਤਾਲਾਂ 'ਚ ਦੂਸਰੇ ਦਿਨ ਵੀ ਬਿਜਲੀ ਗੁੱਲ ਰਹਿਣ ਦਾ ਸਿਲਸਿਲਾ ਜਾਰੀ ਰਿਹਾ। ਬਿਜਲੀ ਬੰਦ ਹੋਣ ਕਾਰਨ ਹਸਪਤਾਲ ਦਾ ਕੰਮਕਾਰ ਵੀ ਠੱਪ ਹੋਇਆ ਅਤੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਸਮੱਸਿਆ ਦਾ ਹੱਲ ਕਰਨ ਲਈ ਹਸਪਤਾਲ ਪ੍ਰਸ਼ਾਸਨ ਗੰਭੀਰ ਨਹੀਂ ਹੈ। ਹਸਪਤਾਲ ਪ੍ਰਸ਼ਾਸਨ ਤਕਨੀਕੀ ਫਾਲਟ ਦੱਸ ਕੇ ਅਤੇ ਸਟਾਫ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਰਿਹਾ ਹੈ।

ਕੋਰੋਨਾ ਕਾਲ ਦੇ ਚੱਲਦਿਆਂ ਸਿਵਲ ਹਸਪਤਾਲ ਦੇ ਨਾਨ-ਕੋਵਿਡ ਮਰੀਜ਼ਾਂ ਦੀਆਂ ਸਿਹਤ ਸੇਵਾਵਾਂ ਹਸਪਤਾਲ 'ਚ ਸ਼ਿਫ਼ਟ ਕਰ ਦਿੱਤੀਆਂ ਸਨ। ਈਐੱਸਆਈ ਹਸਪਤਾਲ 'ਚ ਮਰੀਜ਼ਾਂ ਦੀ ਸੰਖਿਆ ਵੱਧਣ ਦੇ ਨਾਲ-ਨਾਲ ਸਮੱਸਿਆਵਾਂ ਵੀ ਵੱਧਣ ਲੱਗੀਆਂ ਹਨ। ਸਟਾਫ ਦੀ ਕਮੀ ਦੇ ਚੱਲਦਿਆਂ ਸਮੱਸਿਆਵਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ੁੱਕਰਵਾਰ ਨੂੰ ਵੀ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਬਿਜਲੀ ਗੁੱਲ ਹੋ ਗਈ ਸੀ। ਈਐੱਸਆਈ ਹਸਪਤਾਲ 'ਚ ਮਕੈਨਿਕ ਨਾ ਹੋਣ ਕਾਰਨ ਸਿਵਲ ਹਸਪਤਾਲ ਦੀ ਟੀਮ ਨੇ ਸਮੱਸਿਆ ਦਾ ਹੱਲ ਕੀਤਾ, ਪਰ ਦੇਰ ਰਾਤ ਦੁਬਾਰਾ ਬਿਜਲੀ ਗੁੱਲ ਹੋਣ ਕਾਰਨ ਸ਼ਨੀਵਾਰ ਨੂੰ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ। ਇਸ ਨਾਲ ਵਾਰਡਾਂ 'ਚ ਦਾਖ਼ਲ ਮਰੀਜ਼ਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ। ਇਸਤੋਂ ਇਲਾਵਾ ਲੈਬੋਰੇਟਰੀ 'ਚ ਉਪਕਰਨ ਵੀ ਬੰਦ ਹੋ ਗਏ। ਐਕਸ-ਰੇ, ਈਸੀਜੀ ਅਤੇ ਅਲਟ੍ਰਾਸਾਊਂਡ ਸਕੈਨਿੰਗ ਦੀਆਂ ਸੇਵਾਵਾਂ ਵੀ ਬੰਦ ਰਹੀਆਂ। ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਨਿੱਜੀ ਲੈਬੋਰੇਟਰੀ 'ਚ ਜਾਣਾ ਪਿਆ।

ਡਾਕਟਰਾਂ ਤੇ ਸਟਾਫ ਨੂੰ ਗਰਮੀ 'ਚ ਬੈਠ ਕੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣੀਆਂ ਪਈਆਂ। ਈਐੱਸਆਈ ਹਸਪਤਾਲ ਦੀ ਐੱਮਐੱਸ ਡਾ. ਲਵਲੀਨ ਕੌਰ ਗਰਗ ਦਾ ਕਹਿਣਾ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਬਿਜਲੀ ਦੀ ਸਮੱਸਿਆ ਆ ਰਹੀ ਹੈ ਅਤੇ ਸਿਵਲ ਹਸਪਤਾਲ ਦੇ ਸਟਾਫ ਦੇ ਸਹਿਯੋਗ ਨਾਲ ਠੀਕ ਕਰਵਾਇਆ ਜਾ ਰਿਹਾ ਹੈ।

Posted By: Ramanjit Kaur