ਪੰਜਾਬੀ ਜਾਗਰਣ ਕੇਂਦਰ, ਜਲੰਧਰ : ਵਾਹਨ ਫਿਟਨੈੱਸ ਸਰਟੀਫਿਕੇਟ ਘਪਲੇ 'ਚ ਜਲੰਧਰ 'ਚ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ ਨਰੇਸ਼ ਕਲੇਰ ਨਾਲ ਕਈ ਕੰਮ ਕਰਨ ਵਾਲੇ ਏਜੰਟ ਸਪਨਾ ਤੋਂ ਪੁੱਛਗਿੱਛ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਟੀਮ ਦੇ ਸਾਹਮਣੇ ਕਈ ਹੋਰ ਨਾਂ ਸਾਹਮਣੇ ਆਏ ਹਨ ਜੋ ਕਲੇਰ ਨਾਲ ਇਸ ਮਾਮਲੇ 'ਚ ਜੁੜੇ ਹੋਏ ਸਨ। ਬੀਤੇ ਐਤਵਾਰ ਨੂੰ ਵਿਜੀਲੈਂਸ ਟੀਮ ਨੇ ਉਸ ਨੂੰ ਗਿ੍ਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਪੁੱਛਗਿੱਛ ਕੀਤੀ ਤੇ ਜੇਲ੍ਹ ਭੇਜ ਦਿੱਤੀ। ਹੁਣ ਵਿਜੀਲੈਂਸ ਟੀਮ ਜਾਂਚ ਕਰ ਰਹੀ ਹੈ ਕਿ ਜਿਨ੍ਹਾਂ ਦੇ ਨਾਂ ਸਪਨਾ ਨੇ ਲਏ ਸਨ ਉਨ੍ਹਾਂ ਦਾ ਕੋਈ ਸਬੰਧ ਇਸ ਮਾਮਲੇ 'ਚ ਹੈ ਵੀ ਜਾਂ ਨਹੀਂ। ਉਥੇ ਫਰਾਰ ਚੱਲ ਰਹੇ ਮੁਲਜ਼ਮਾਂ ਦੀ ਭਾਲ 'ਚ ਵਿਜੀਲੈਂਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਇਸ ਮਾਮਲੇ 'ਚ ਵਿਜੀਲੈਂਸ 'ਚ ਐੱਮਵੀਆਈ ਕਲੇਰ ਸਮੇਤ ਏਜੰਟ ਰਾਮ ਪਾਲ ਉਰਫ ਰਾਧੇ, ਮੋਹਨ ਲਾਲ ਉਰਫ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਤੇ ਹਰਵਿੰਦਰ ਸਿੰਘ, ਪੰਕਜ ਢੀਂਗਰਾ ਉਰਫ ਭੋਲੂ, ਬਿ੍ਜਪਾਲ ਸਿੰਘ ਉਰਫ ਰਿੱਕੀ, ਅਰਵਿੰਦਰ ਕੁਮਾਰ ਉਰਫ ਬਿੰਦੂ ਤੇ ਵਿਦਿੰਰ ਸਿੰਘ ਉਰਫ ਦੀਪੂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਤਿੰਨ ਮੁਲਜ਼ਮ ਹਾਲੇ ਫਰਾਰ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਐੱਮਵੀਆਈ ਨਰੇਸ਼ ਕਲੇਰ ਦੇ ਦਫ਼ਤਰ 'ਚ ਛਾਪੇਮਾਰੀ ਕਰਕੇ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਲਈ ਰਿਸ਼ਵਤ ਲੈਣ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ 'ਚ ਪੁਲਿਸ ਨੇ ਪਹਿਲਾਂ ਏਜੰਟ ਚੁੱਕੇ ਸਨ ਜਿਸ ਤੋਂ ਬਾਅਦ ਐੱਮਵੀਆਈ ਕਲੇਰ ਨੂੰ ਗਿ੍ਫ਼ਤਾਰ ਕਰ ਕੇ ਲੱਖਾਂ ਰੁਪਏ ਬਰਾਮਦ ਕੀਤੇ ਸਨ।