ਪੰਜਾਬੀ ਜਾਗਰਣ ਕੇਂਦਰ, ਜਲੰਧਰ

7ਵੇਂ ਮੈਗਾ ਰੁਜ਼ਗਾਰ ਮੇਲੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਆਦਮਪੁਰ ਦੇ ਦਫ਼ਤਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ, ਜਿਸ ਦੌਰਾਨ 307 ਬੇਰੁਜ਼ਗਾਰ ਨੌਜਵਾਨਾਂ ਦੀ ਮੌਕੇ 'ਤੇ ਰੁਜ਼ਗਾਰ ਲਈ ਚੋਣ ਕੀਤੀ ਗਈ। ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 7ਵੇਂ ਮੈਗਾ ਰੋਜ਼ਗਾਰ ਮੇਲੇ ਤਹਿਤ ਜ਼ਿਲ੍ਹੇ ਭਰ 'ਚ ਪਲੇਸਮੈਂਟ ਕੈਂਪ ਲਗਾਉਣ ਦੀ ਲੜੀ ਚੱਲ ਰਹੀ ਹੈ। ਯੋਗ ਲਾਭਪਾਤਰੀਆਂ ਨੂੰ ਰੁਜ਼ਗਾਰ ਦੇ ਵੱਖ-ਵੱਖ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹੇ 'ਚ ਮਹੀਨਾ ਭਰ ਇਹ ਕੈਂਪ ਜਾਰੀ ਰਹਿਣਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ 'ਚ ਕੁਲ 13 ਨਾਮੀ ਕੰਪਨੀਆਂ ਵੱਲੋਂ ਵੱਡੀ ਗਿਣਤੀ 'ਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਸ਼ਿਰਕਤ ਕੀਤੀ ਗਈ। ਇਸ ਕੈਂਪ 'ਚ 352 ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ, ਜਿਨ੍ਹਾਂ 'ਚੋਂ ਰੁਜ਼ਗਾਰ ਲਈ 307 ਨੌਜਵਾਨਾਂ ਦੀ ਚੋਣ ਹੋਈ ਹੈ। ਕੈਂਪ 'ਚ ਸ਼ਿਰਕਤ ਕਰਨ ਵਾਲੀਆਂ ਕੰਪਨੀਆਂ 'ਚ ਏ-ਵਨ ਇੰਟਰਨੈਸ਼ਨਲ, ਐੱਲਆਈਸੀ., ਸੀਐੱਸਸੀ., ਪੁਖ਼ਰਾਜ ਹੈਲਥ ਕੇਅਰ, ਐੱਸਬੀਆਈ, ਆਈਸੀਆਈਸੀ ਬੈਂਕ, ਨਰਾਇਣੀ ਹਰਬਲ, ਹਰਬਲ ਲਾਈਫ਼ ਨਿਊਟਰੀਸ਼ਨ, ਅਜਾਇਲ ਕੰਪਨੀ ਅਤੇ ਫਿਊਚਰ ਜਨਰਲੀ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 7ਵੇਂ ਮੈਗਾ ਰੋਜ਼ਗਾਰ ਮੇਲੇ ਅਧੀਨ 12 ਪਲੇਸਮੈਂਟ ਕੈਂਪ ਜ਼ਿਲ੍ਹੇ 'ਚ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਵਿਖੇ 20 ਅਪ੍ਰਰੈਲ ਨੂੰ, ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮੈਨ ਨਕੋਦਰ ਵਿਖੇ 23 ਅਪ੍ਰਰੈਲ, ਜਨਤਾ ਕਾਲਜ ਕਰਤਾਰਪੁਰ ਵਿਖੇ 26 ਅਪ੍ਰਰੈਲ, ਸਰਕਾਰੀ ਪਾਲੀਟੈਕਨਿਕ ਕਾਲਜ ਫਾਰ ਵੁਮੈਨ ਜਲੰਧਰ ਵਿਖੇ 27 ਅਪ੍ਰਰੈਲ, ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਫਿਲੌਰ ਵਿਖੇ 28 ਅਪ੍ਰਰੈਲ ਅਤੇ ਸੀਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਸ਼ਾਹਪੁਰ ਵਿਖੇ 30 ਅਪ੍ਰਰੈਲ ਨੂੰ ਪਲੇਸਮੈਂਟ ਕੈਂਪ ਲਗਾਏ ਜਾਣਗੇ।