ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਉੱਘੇ ਸਿੱਖਿਆਸ਼ਾਸਤਰੀ ਤੇ ਖੋਜੀ ਵਿਦਵਾਨ ਡਾ. ਮਨੋਜ ਕੁਮਾਰ ਨੇ ਡੀਈਵੀ ਯੂਨੀਵਰਸਿਟੀ ਜਲੰਧਰ ਦੇ ਵਾਈਸ ਚਾਂਸਲਰ ਵਜੋਂ ਅੱਜ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਕਾਰਜਕਾਰੀ ਵੀਸੀ ਡਾ. ਜਸਬੀਰ ਕੌਰ ਰਿਸ਼ੀ ਦੀ ਥਾਂ ਇਸ ਅਹੁਦੇ ਦਾ ਕਾਰਜਭਾਰ ਲਿਆ ਹੈ। ਇਸ ਤੋਂ ਪਹਿਲਾਂ ਡਾ. ਮਨੋਜ ਕੁਮਾਰ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਗਾਇਤਰੀ ਮੰਤਰ ਦਾ ਉਚਾਰਣ ਕੀਤਾ ਗਿਆ ਅਤੇ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੀ ਡਾਇਰੈਕਟਰ ਜੇ ਕਾਕੜੀਆ, ਯੂਨੀਵਰਸਿਟੀ ਦੇ ਕਾਰਜਕਾਰੀ ਡਾਇਰੈਕਟਰ ਰਾਜਨ ਗੁਪਤਾ, ਕਾਰਜਵਾਹਕ ਰਜਿਸਟਰਾਰ ਡਾ. ਕੇਐੱਨ ਕੌਲ ਅਤੇ ਫੈਕਲਟੀ ਤੇ ਸਟਾਫ ਮੈਂਬਰ ਹਾਜ਼ਰ ਸਨ।

ਚਾਂਸਲਰ ਡਾ. ਪੂਨਮ ਸੂਰੀ ਨੇ ਡਾ. ਮਨੋਜ ਕੁਮਾਰ ਨੂੰ ਫੋਨ ਕਰ ਕੇ ਸ਼ੁਭਕਾਮਨਾਵਾਂ ਭੇਟ ਕੀਤੀਆ। ਡਾ. ਸੂਰੀ ਨੇ ਕਿਹਾ ਕਿ ਨਵੇਂ ਵੀਸੀ ਦੀ ਰਣਨੀਤਿਕ ਯੋਜਨਾ ਸਮਰੱਥਾ ਤੇ ਟੀਮ ਪ੍ਰਬੰਧਨ ਕੁਸ਼ਲਤਾ ਡੀਏਵੀ ਯੂਨੀਵਰਸਿਟੀ ਨੂੰ ਮੋਹਰੀ ਸੰਸਥਾ ਬਣਾਏਗਾ। ਦੱਸਣਯੋਗ ਹੈ ਕਿ ਡਾ. ਮਨੋਜ ਕੁਮਾਰ ਨੇ ਪੀਟੀਯੂ ਤੋਂ ਇਲੈਕਟ੍ਰਾਨਿਕਸ ਤੇ ਸੰਚਾਰ ਇੰਜੀਨੀਅਰਿੰਗ (ਸਿਲਵਰ ਮੈਡਲ ਨਾਲ) ਪੀਐੱਚਡੀ ਤੇ ਐੱਮਐੱਟਕ ਕੀਤੀ ਹੋਈ ਹੈ ਅਤੇ ਉਹ ਚਾਰਟਡ ਮੈਨੇਜਮੈਂਟ ਇੰਸਟੀਚਿਊਸ ਯੂਕੇ ਤੋਂ ਮੈਨੇਜਮੈਂਟ ਐਂਡ ਲੀਡਰਸ਼ਿਪ ’ਚ ਸਰਟੀਫਾਈਡ ਹਨ। ਉਨ੍ਹਾਂ ਨੂੰ ਆਧੁਨਿਕ ਸਿੱਖਿਆ ਤਕਨੀਕਾਂ, ਉਦਯੋਗਿਕ ਸਹਿਯੋਗ ਨੂੰ ਆਕਰਸ਼ਤ ਕਰਨ ਤੇ ਵਿਦਿਆਰਥੀਆ ਗੁਣਵੱਤਾ ਭਰਪੂਰ ਪਲੇਸਮੈਂਟ ਯਕੀਨੀ ਬਣਾਉਣ ਲਈ ਜਾਣਿਆ ਜਾਂਦਾ ਹੈ। ਉਹ ਏਆਈਸੀਟੀਈ ਤੇ ਬ੍ਰਿਟਿਸ਼ ਕੌਂਸਲ ਵੱਲੋਂ ਮਾਨਤਾ ਪ੍ਰਾਪਤ ਲੀਡਰਸ਼ਿਪ ਮੈਨੇਜਮੈਂਟ ’ਚ ਮਾਸਟਰ ਟਰੇਨਰ ਵੀ ਹਨ। ਵੀਸੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਡਾ. ਮਨੋਜ ਕੁਮਾਰ ਨੇ ਕਿਹਾ ਕਿ ਡੀਏਵੀ ਯੂਨੀਵਰਸਿਟੀ ’ਚ ਖੋਜ ਤੇ ਗੁਣਵੱਤਾ ਭਰਪੂਰ ਸਿੱਖਿਆ ਨੂੰ ਉਤਸ਼ਾਹਤ ਕਰਨਾ ਉਨ੍ਹਾਂ ਦੀਆ ਪਹਿਲਕਦਮੀਆ ’ਚ ਸ਼ਾਮਲ ਹੈ। ਉਨ੍ਹਾਂ ਦਾ ਉਦੇਸ਼ ਵਿਦਿਆਰਥੀਆ ਨੂੰ ਉਦਯੋਗ ਲਈ ਤਿਆਰ ਕਰਨਾ ਤੇ ਵਧੇਰੇ ਰੋਜ਼ਗਾਰ ਯੋਗ ਬਣਾਉਣਾ ਹੈ।

Posted By: Jagjit Singh