ਜਾਗਰਣ ਸੰਵਾਦਦਾਤਾ, ਜਲੰਧਰ : ਸਿਵਲ ਹਸਪਤਾਲ ਦੇ ਮੁੱਖ ਦੁਆਰ ਨੇੜੇ ਬਿਜਲੀ ਪੈਨਲ ਰੂਮ 'ਚ ਬਿਜਲੀ ਸਪਲਾਈ ਕਰਨ ਵਾਲੇ ਟਰਾਂਸਫਾਰਮਰ ਦੀ ਬੈਲਟ ਟੁੱਟਣ ਨਾਲ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਬਿਜਲੀ ਗੁਲ ਹੋਣ ਨਾਲ ਸਿਵਲ ਹਸਪਤਾਲ ਤੇ ਸਿਵਲ ਸਰਜਨ ਦਫ਼ਤਰ 'ਚ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਬੁੱਧਵਾਰ ਨੂੰ ਵੀ ਲੋਕਾਂ ਤੇ ਮੁਲਾਜ਼ਮਾਂ ਨੂੰ ਸਮੱਸਿਆਵਾਂ ਨਾਲ ਜੂਝਣਾ ਪਿਆ। ਸਖਤ ਮੁਸ਼ੱਕਤ ਨਾਲ ਕਰੀਬ ਤਿੰਨ ਘੰਟੇ ਬਾਅਦ ਫਾਲਟ ਠੀਕ ਕਰ ਕੇ ਬਿਜਲੀ ਦੀ ਸਪਲਾਈ ਚਲਾਈ। ਇਸ ਦੌਰਾਨ ਸਿਵਲ ਸਰਜਨ ਤੇ ਐੱਮਐੱਸ ਦਫ਼ਤਰ 'ਚ ਕੰਮਕਾਜ ਠੱਪ ਰਿਹਾ। ਉਥੇ ਹਸਪਤਾਲ 'ਚ ਚੱਲ ਰਹੀ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਦਾ ਕੰਮਕਾਜ ਵੀ ਠੱਪ ਰਿਹਾ।

ਸਿਵਲ ਹਸਪਤਾਲ ਦੇ ਮੁੱਖ ਦੁਆਰ ਨੇੜੇ ਪੈਨਲ ਰੂਮ 'ਚ ਲੱਗੇ 800 ਕੇਵੀ ਟਰਾਂਸਫਾਰਮਰ ਦੀ ਅਚਾਨਕ ਬੈਲਟ ਟੁੱਟਣ ਤੋਂ ਬਾਅਦ ਅੱਗ ਨਿਕਲੀ। ਮੌਕੇ 'ਤੇ ਤਾਇਨਾਤ ਮੁਲਾਜ਼ਮਾਂ ਨੇ ਚੌਕਸੀ ਵਰਤਦਿਆਂ ਤੁਰੰਤ ਮੇਨ ਸਪਲਾਈ ਬੰਦ ਕਰ ਦਿੱਤੀ ਸੀ। ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਠੀਕ ਕਰਨ ਦਾ ਕੰਮ ਸ਼ੁਰੂ ਕਰਵਾਇਆ। ਹਸਪਤਾਲ 'ਚ 800 ਕੇਵੀ ਦੇ ਦੋ ਟਰਾਂਸਫਾਰਮਰ ਹਨ ਜਿਸ ਵਿਚੋਂ ਇਕ ਦੇ ਖਰਾਬ ਹੋਣ ਨਾਲ ਸਮੱਸਿਆ ਹੋਰ ਗੁੰਝਲਦਾਰ ਹੋ ਗਈ। ਇਸ ਦੌਰਾਨ ਹਸਪਤਾਲ ਦੇ ਵਾਰਡਾਂ, ਆਪਰੇਸ਼ਨ ਥਿਏਟਰ ਤੇ ਐਮਰਜੈਂਸੀ ਸੇਵਾਵਾਂ ਸੁਚਾਰੂ ਢੰਗ ਨਾਲ ਚਲਾਉਣ ਲਈ ਦੋਵੇਂ ਜਨਰੇਟਰ ਚਲਾਏ ਗਏ। ਇਸ ਦੌਰਾਨ ਕਰੀਬ 130 ਲੀਟਰ ਦੇ ਕਰੀਬ ਡੀਜ਼ਲ ਦੀ ਖਪਤ ਹੋਈ। ਬਿਜਲੀ ਗੁਲ ਹੋਣ ਨਾਲ ਸਿਵਲ ਹਸਪਤਾਲ ਦੀ ਐਕਸ ਰੇ ਮਸ਼ੀਨ ਬੰਦ ਰਹੀ। ਉਥੇ ਪਬਲਿਕ ਪ੍ਰਰਾਈਵੇਟ ਪਾਰਟਨਰਸ਼ਿਪ 'ਤੇ ਚੱਲ ਰਹੀ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਦੀਆਂ ਸੇਵਾਵਾਂ ਬੰਦ ਰਹੀਆਂ ਤੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਿਜਲੀ ਗੁਲ ਹੋਣ ਨਾਲ ਦਫ਼ਤਰ ਦੇ ਸਟਾਫ ਦੇ ਸਾਰੇ ਕੰਪਿਊਟਰ ਬੰਦ ਹੋ ਗਏ ਤੇ ਗਰਮੀ ਨਾਲ ਪਸੀਨੇ ਛੁੱਟਣ ਤੋਂ ਬਾਅਦ ਮੁਲਾਜ਼ਮ ਆਪਣੀਆਂ ਕੁਰਸੀਆਂ ਛੱਡ ਕੇ ਕਮਰਿਆਂ ਤੋਂ ਬਾਹਰ ਇਧਰ-ਓਧਰ ਘੁੰਮਣ ਲੱਗੇ। ਮੰਗਲਵਾਰ ਨੂੰ ਵੀ ਬਿਜਲੀ ਹੋਣ ਦੀ ਵਜ੍ਹਾ ਨਾਲ ਕਰੀਬ ਤਿੰਨ ਘੰਟੇ ਤਕ ਕੰਮਕਾਜ ਠੱਪ ਰਿਹਾ ਸੀ।

ਸਿਵਲ ਹਸਪਤਾਲ ਦੇ ਕਾਰਜਕਾਰੀ ਐੱਮਐੱਸ ਡਾ. ਗੁਰਮੀਤ ਲਾਲ ਦਾ ਕਹਿਣਾ ਹੈ ਕਿ ਟਰਾਂਸਫਾਰਮਰ 'ਚ ਖਰਾਬੀ ਕਾਰਨ ਬਿਜਲੀ ਦੀ ਸਮੱਸਿਆ ਆਈ ਸੀ। ਹਸਪਤਾਲ ਦੀਆਂ ਸੇਵਾਵਾਂ ਜਨਰੇਟਰ ਰਾਹੀਂ ਸੁਚਾਰੂ ਢੰਗ ਨਾਲ ਚਲਾਈਆਂ ਗਈਆਂ। ਸਬੰਧਤ ਵਿਭਾਗ ਨਾਲ ਸੰਪਰਕ ਕਰ ਕੇ ਟਰਾਂਸਫਾਰਮਰ ਨੂੰ ਠੀਕ ਕਰ ਕੇ ਬਿਜਲੀ ਦੁਬਾਰਾ ਸ਼ੁਰੂ ਕਰਵਾ ਦਿੱਤੀ ਗਈ।