ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪਾਵਰਕਾਮ ਦੇ ਫਗਵਾੜਾ ਸਥਿਤ ਇਨਫੋਰਸਮੈਂਟ ਵਿਭਾਗ ਦੇ ਸੀਨੀਅਰ ਐਕਸੀਅਨ ਬਲਕਾਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਹੁਸ਼ਿਆਰਪੁਰ ਸਰਕਲ ਅਧੀਨ ਪੈਂਦੀ ਮਾਹਿਲਪੁਰ ਸਬ-ਡਵੀਜ਼ਨ ਦੇ ਪਿੰਡ ਭਾਮ ਵਿਚ ਬਿਜਲੀ ਚੋਰ ਦਾ ਕੇਸ ਫੜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਇਨਫੋਰਸਮੈਂਟ ਵਿਭਾਗ ਨੂੰ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਖੇਤੀਬਾੜੀ ਲਈ ਲਗਵਾਏ ਗਏ ਕੁਨੈਕਸ਼ਨ ਦੀ ਮੋਟਰ ਨਿਰਧਾਰਤ ਸਮਰੱਥਾ ਤੋਂ ਵੱਡੀ ਚਲਾਉਣ ਦਾ ਕੇਸ ਫੜਿਆ। ਉਕਤ ਏਪੀ ਕੁਨੈਕਸ਼ਨ ਵਿਚ ਮੋਟਰ ਦੀ ਮਨਜ਼ੂਰਸ਼ੁਦਾ ਸਮਰੱਥਾ ਦੇ ਮੁਕਾਬਲੇ 25 ਹਾਰਸ ਪਾਵਰ ਦੀ ਮੋਟਰ ਚਲਾਈ ਜਾ ਰਹੀ ਸੀ। ਖਪਤਕਾਰ ਵੱਲੋਂ ਘਰੇਲੂ ਕੁਨੈਕਸ਼ਨ, ਜਿਸ ਦਾ ਲੋਡ 2.3 ਕਿਲੋਵਾਟ ਹੈ, ਸਿੱਧੀ ਕੁੰਡੀ ਲਾ ਕੇ ਚਲਾਇਆ ਜਾ ਰਿਹਾ ਸੀ। ਇਨਫੋਰਸਮੈਂਟ ਵਿਭਾਗ ਦੀ ਟੀਮ ਨੇ ਉਕਤ ਖਪਤਕਾਰ ਨੂੰ ਏਪੀ ਕੁਨੈਕਸ਼ਨ 'ਚ ਬਿਜਲੀ ਚੋਰੀ ਕਰਨ ਲਈ 4.50 ਲੱਖ ਤੇ ਘਰੇਲੂ ਸਪਲਾਈ ਤਹਿਤ ਬਿਜਲੀ ਚੋਰੀ ਕਰਨ ਲਈ 1.10 ਲੱਖ ਰੁਪਏ ਜੁਰਮਾਨਾ ਕਰਕੇ ਕੁੱਲ ਰਾਸ਼ੀ 5.60 ਲੱਖ ਦਾ ਹਰਜਾਨਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗੀ ਟੀਮ ਵੱਲੋਂ ਇਸ ਸਾਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ।