ਮਨਜੀਤ ਸ਼ੇਮਾਰੂ, ਜਲੰਧਰ : ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ (ਡਬਲਯੂਸੀਓ) ਦੀਆਂ ਚੋਣਾਂ 'ਚ ਕੁਝ ਹੀ ਦਿਨ ਹੀ ਬਾਕੀ ਰਹਿ ਗਏ ਹਨ। ਦੋਹਾਂ ਧਿਰਾਂ ਦੀਆਂ ਪਾਰਟੀਆਂ 'ਚ ਮੁਕਾਬਲਾ ਟੱਕਰ ਦਾ ਹੁੰਦਾ ਜਾ ਰਿਹਾ ਹੈ। ਦੋਹਾਂ ਪਾਰਟੀਆਂ ਦੇ ਪ੍ਰਧਾਨ ਡੋਰ ਟੂ ਡੋਰ ਜਾ ਕੇ ਲੰਮੀਆਂ ਮੀਟਿੰਗਾਂ ਕਰਨ ਉਪਰੰਤ ਲੋਕਾਂ ਨੂੰ ਆਪਣੇ ਵੱਲ ਵੋਟ ਪਾਉਣ ਲਈ ਅਥਾਹ ਮਿਹਨਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ ਦੀਆਂ ਚੋਣਾਂ 26 ਸਤੰਬਰ ਨੂੰ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਮੁਕਾਬਲੇ 'ਚ ਹੁਣ ਸਿਰਫ ਮੈਦਾਨ ਵਿਚ ਸਾਬਕਾ ਜਨਰਲ ਸਕੱਤਰ ਨਿਸ਼ਾਂਤ ਚੋਪੜਾ ਅਤੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਚੁੱਘ (ਮੰਗਲੀ) ਸ਼ਾਮਲ ਸਨ ਅਤੇ ਇਨ੍ਹਾਂ ਵਿਚ ਮੁਕਾਬਲਾ ਟੱਕਰ ਦਾ ਦੱਸਿਆ ਜਾ ਰਿਹਾ ਹੈ।

242 ਵੋਟਾਂ ਵਾਲੇ ਇਸ ਆਰਗੇਨਾਈਜ਼ੇਸ਼ਨ ਵਿਚ 11 ਬਲਾਕ ਹਨ, ਜਿਨ੍ਹਾਂ ਵਿਚ ਲੋਕਾਂ ਨੂੰ ਰੁਝਾਉਣ ਲਈ ਦੋਵੇਂ ਪ੍ਰਧਾਨ ਆਪਣਾ ਪੂਰਾ ਜ਼ੋਰ ਲਾ ਰਹੇ ਹਨ। ਦੋਵੇਂ ਉਮੀਦਵਾਰ ਲੋਕਾਂ ਨਾਲ ਵਾਅਦੇ ਕਰ ਰਹੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਨਿਸ਼ਾਨ ਚੋਪੜਾ ਦੇ ਨਾਲ ਸੰਜੇ ਚੋਪੜਾ ਜਨਰਲ ਸਕੱਤਰ ਅਤੇ ਸੰਦੀਪ ਰਤਨ ਖਜ਼ਾਨਚੀ ਦੇ ਅਹੁਦੇ ਲਈ ਉਮੀਦਵਾਰ ਹਨ। ਦੂਜੀ ਧਿਰ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਚੁੱਘ (ਮੰਗਲੀ) ਦੇ ਨਾਲ ਸੌਰਵ ਪੁਰੀ ਜਨਰਲ ਸਕੱਤਰ ਤੇ ਲਕਸ਼ਮੀਕਾਂਤ ਚੁੱਘ ਖਜ਼ਾਨਚੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਦੋਵੇਂ ਉਮੀਦਵਾਰਾਂ ਨੇ ਲੋਕਾਂ 'ਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨਗੀ ਅਹੁਦੇ ਦੇ ਦੋਵੇਂ ਉਮੀਦਵਾਰਾਂ ਵੱਲੋਂ ਅਜਿਹੇ ਵਾਅਦਿਆਂ ਦੀ ਝੜੀ ਲਾਉਣ ਤੋਂ ਬਾਅਦ ਦੇਖਣਾ ਇਹ ਹੋਵੇਗਾ ਕਿ ਲੋਕ 26 ਸਤੰਬਰ ਨੂੰ ਕਿਸ ਉਮੀਦਵਾਰ 'ਤੇ ਆਪਣੀ ਮੋਹਰ ਲਾ ਕੇ ਜੇਤੂ ਐਲਾਨ ਕਰਦੇ ਹਨ।

----------

ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਰਾਂਗੇ ਠੋਸ ਉਪਰਾਲੇ : ਚੋਪੜਾ

ਚੋਣਾਂ ਵਿਚ ਏਜੰਡੇ ਬਾਰੇ ਗੱਲ ਕਰਦਿਆਂ ਨਿਸ਼ਾਨ ਚੋਪੜਾ ਨੇ ਦੱਸਿਆ ਕਿ ਦਿਲਕੁਸ਼ਾ ਮਾਰਕੀਟ ਵਿਚ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ। ਦੁਕਾਨਦਾਰਾਂ ਦੇ ਕੋਲ ਪਿਆ ਪੁਰਾਣਾ ਸਟਾਕ ਹੋਣ ਕਾਰਨ ਐਕਸਪਾਇਰ ਹੋ ਜਾਂਦਾ ਹੈ ਅਤੇ ਇਸ ਦਾ ਵੱਡਾ ਨੁਕਸਾਨ ਦੁਕਾਨਦਾਰ ਨੂੰ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਰਣਨੀਤੀ ਤਿਆਰ ਕੀਤੀ ਜਾਵੇਗੀ ਕਿ ਕੰਪਨੀ ਵਾਲੇ ਦੁਕਾਨਦਾਰ ਨੂੰ ਸਾਮਾਨ ਦੇਣ ਉਪਰੰਤ ਐਕਸਪਾਇਰੀ ਹੋਣ ਵਾਲਾ ਸਾਮਾਨ ਵਾਪਸ ਚੁੱਕਣ ਲਈ ਜ਼ਿੰਮੇਵਾਰ ਹੋਣਗੇ। ਪਾਰਕਿੰਗ ਇਕ ਵੱਡੀ ਸਮੱਸਿਆ, ਜਿਸ ਨੂੰ ਹੱਲ ਕਰਨ ਲਈ ਲਾਗੇ ਬਣੇ ਪ੍ਰਰਾਈਵੇਟ ਪਾਰਕਿੰਗ ਵਿਚ ਗੱਡੀਆਂ ਤੇ ਮੋਟਰਸਾਈਕਲਾਂ ਨੂੰ ਖੜ੍ਹਾ ਕੀਤਾ ਜਾਵੇਗਾ। ਜਿਹੜੀਆਂ ਦੁਕਾਨਾਂ ਵਿਚ ਨਸ਼ੇ ਦੀਆਂ ਦਵਾਈਆਂ ਦਾ ਗ਼ਲਤ ਤਰੀਕੇ ਨਾਲ ਵਪਾਰ ਕੀਤਾ ਜਾਂਦਾ ਹੈ। ਉਨ੍ਹਾਂ ਦੁਕਾਨਾਂ ਨੂੰ ਡਰੱਗ ਅਫਸਰ ਨਾਲ ਮਿਲ ਕੇ ਬੰਦ ਕਰਵਾਈਆਂ ਜਾਣਗੀਆਂ ਤਾਂ ਜੋ ਦੂਸਰੇ ਦੁਕਾਨਦਾਰਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਦਿਲਕੁਸ਼ਾ ਮਾਰਕੀਟ ਵਿਚ ਐਸੋਸੀਏਸ਼ਨ ਵੱਲੋਂ ਇਕ ਦਫ਼ਤਰ ਖੋਲਿ੍ਹਆ ਜਾਵੇਗਾ। ਜਿੱਥੇ ਐਸੋਸੀਏਸ਼ਨ ਦਾ ਸਟਾਫ ਬੈਠੇਗਾ, ਜੋ ਕਿ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਜਿਵੇਂ ਪਾਣੀ, ਬਿਜਲੀ, ਹਾਊਸ ਟੈਕਸ ਅਤੇ ਹੋਰ ਇਸ ਤਰੀਕੇ ਦੇ ਕੰਮਾਂ ਨੂੰ ਕਰਨਗੇ। ਉਨ੍ਹਾਂ ਕਿਹਾ ਕਿ ਦਿਲਕੁਸ਼ਾ ਮਾਰਕੀਟ ਵਿਚ ਕੁੱਲ ਗਿਆਰਾਂ ਬਲਾਕ ਹਨ ਅਤੇ ਹਰੇਕ ਬਲਾਕ 'ਚੋਂ ਇਕ ਵਿਅਕਤੀ ਨੂੰ ਹੈੱਡ ਬਲਾਕ ਬਣਾਇਆ ਜਾਵੇਗਾ, ਜੋ ਆਪਣੇ ਬਲਾਕ ਦੀਆਂ ਸਮੱਸਿਆਵਾਂ ਨੂੰ ਲੈ ਕੇ ਐਸੋਸੀਏਸ਼ਨ ਦੇ ਦਫਤਰ ਵਿਚ ਬੈਠੇ ਸਟਾਫ ਨੂੰ ਦੱਸਿਆ ਕਰੇਗਾ ਅਤੇ ਹਰ ਬਲਾਕ ਨੂੰ ਫੰਡ ਵੀ ਦਿੱਤਾ ਜਾਵੇਗਾ।

-----------

ਚੋਰੀਆਂ ਨੂੰ ਰੋਕਣ ਲਈ ਕੀਤਾ ਜਾਵੇਗਾ ਪੁਖਤਾ ਇੰਤਜ਼ਾਮ : ਚੁੱਘ

ਅਜਿਹੇ ਕੁਝ ਵਾਅਦਿਆਂ ਦੀ ਗੱਲ ਕਰਦੇ ਹੋਏ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਚੁੱਘ (ਮੰਗਲੀ) ਨੇ ਕਿਹਾ ਕਿ ਜਦੋਂ ਦੁਕਾਨਦਾਰ ਦਵਾਈਆਂ ਹਸਪਤਾਲਾਂ ਨੂੰ ਵੇਚਦੇ ਹਨ ਤਾਂ ਉਨ੍ਹਾਂ ਨੂੰ ਪੇਮੈਂਟ ਲੈਣ ਲਈ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਮੈਂਬਰਾਂ ਦੀ ਇਕ ਕਮੇਟੀ ਬਣਾਈ ਜਾਵੇਗੀ, ਜੋ ਕਿ ਅਜਿਹੀਆਂ ਦਿੱਕਤਾਂ ਨੂੰ ਹੱਲ ਕਰਨਗੀਆਂ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਭਾਰੀ ਸਮੱਸਿਆ ਦਿਲਕੁਸ਼ਾ ਮਾਰਕੀਟ ਵਿਚ ਹੈ। ਬਰਸਾਤ ਦੇ ਮੌਸਮ ਵਿਚ ਬਹੁਤ ਸਾਰਾ ਪਾਣੀ ਇਕੱਠਾ ਹੋਣ ਦੀ ਵਜ੍ਹਾ ਨਾਲ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ। ਬਿਜਲੀ ਦੀਆਂ ਤਾਰਾਂ ਦਾ ਵੱਡਾ ਜਾਲ ਹੈ, ਜਿਸ ਨੂੰ ਠੀਕ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਕਿਓਰਿਟੀ ਦੀ ਕਮੀ ਨਾਲ ਵਾਰ-ਵਾਰ ਚੋਰੀਆਂ ਹੋ ਰਹੀਆਂ ਹਨ, ਜਿਸ ਦਾ ਸਹੀ ਇੰਤਜ਼ਾਮ ਕੀਤਾ ਜਾਵੇਗਾ।