ਜਤਿੰਦਰ ਪੰਮੀ, ਜਲੰਧਰ : 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ 25 ਜਨਵਰੀ ਤੋਂ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਲਾਏ ਜਾਣਗੇ। ਇਹ ਪ੍ਰਕਿਰਿਆ 1 ਫਰਵਰੀ ਤਕ ਜਾਰੀ ਰਹੇਗੀ। ਇਨ੍ਹਾਂ ਅੱਠਾਂ ਦਿਨਾਂ ਦੌਰਾਨ ਦੋ ਸਰਕਾਰੀ ਛੁੱਟੀਆਂ ਹੋਣ ਕਾਰਨ ਉਮੀਦਵਾਰਾਂ ਨੂੰ ਸਿਰਫ 6 ਦਿਨ ਹੀ ਮਿਲਣਗੇ, ਕਿਉਂਕਿ 26 ਜਨਵਰੀ ਨੂੰ ਸਰਕਾਰੀ ਛੁੱਟੀ ਹੈ ਅਤੇ 30 ਜਨਵਰੀ ਨੂੰ ਐਤਵਾਰ ਹੋਣ ਕਰ ਕੇ ਦਫ਼ਤਰ ਬੰਦ ਹੁੰਦੇ ਹਨ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਨੂੰ ਲੈ ਕੇ ਚੋਣ ਕਮਿਸ਼ਨਰ ਵੱਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ ਜਿੱਥੇ ਹਰੇਕ ਆਰਓ ਦੇ ਕਮਰੇ ਬਾਹਰ ਪੁਲਿਸ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਉਥੇ ਹੀ ਉਮੀਦਵਾਰਾਂ ਲਈ ਕਈ ਨਿਯਮ ਨਿਰਧਾਰਤ ਕੀਤੇ ਗਏ ਹਨ। ਇਸ ਤਹਿਤ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਵੀ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਨਾਮਜ਼ਦਗੀਆਂ ਭਰਨ ਦੌਰਾਨ ਕਿਸੇ ਵੀ ਤਰ੍ਹਾਂ ਦਾ ਰੌਲਾ-ਰੱਪਾ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਕੋਈ ਵੀ ਉਮੀਦਵਾਰ ਭੀੜ ਇਕੱਠੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਕੋਰੋਨਾ ਦੇ ਮੱਦੇਨਜ਼ਰ ਨਿਯਮਾਂ ਦੀ ਪਾਲਣਾ ਵੀ ਕਰਨੀ ਪਵੇਗੀ।

-----------------

ਕਿਹੜੇ ਰਿਟਨਰਿੰਗ ਅਫਸਰ ਕੋਲ ਭਰੇ ਜਾ ਸਕਣਗੇ ਨਾਮਜ਼ਦਗੀ ਕਾਗਜ਼

-ਵਿਧਾਨ ਸਭਾ ਹਲਕਾ ਫਿਲੌਰ 'ਚ ਐੱਸਡੀਐੱਮ ਅਮਰਿੰਦਰ ਸਿੰਘ ਮੱਲੀ ਦੇ ਦਫ਼ਤਰ ਵਿਖੇ ਨਾਮਜ਼ਦਗੀ ਕਾਗਜ਼ ਦਾਖਲ ਹੋਣਗੇ।

-ਵਿਧਾਨ ਸਭਾ ਹਲਕਾ ਨਕੋਦਰ 'ਚ ਐੱਸਡੀਐੱਮ ਪੂਨਮ ਸਿੰਘ ਦੇ ਦਫ਼ਤਰ 'ਚ ਨਾਮਜ਼ਦਗੀਆਂ ਜਮ੍ਹਾਂ ਹੋਣਗੀਆਂ।

-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਐੱਸਡੀਐੱਮ ਲਾਲ ਵਿਸ਼ਵਾਸ਼ ਦੇ ਦਫ਼ਤਰ 'ਚ ਨਾਮਜ਼ਦਗੀਆਂ ਜਮ੍ਹਾਂ ਹੋਣਗੀਆਂ।

-ਵਿਧਾਨ ਸਭਾ ਹਲਕਾ ਕਰਤਾਰਪੁਰ 'ਚ ਐੱਸਡੀਐੱਮ ਜਲੰਧਰ-2 ਬਲਬੀਰ ਰਾਜ ਸਿੰਘ ਦੇ ਦਫ਼ਤਰ 'ਚ ਨਾਮਜ਼ਦਗੀ ਕਾਗਜ਼ ਦਾਖਲ ਹੋਣਗੇ।

-ਵਿਧਾਨ ਸਭਾ ਹਲਕਾ ਜਲੰਧਰ ਪੱਛਮੀ 'ਚ ਅਸਟੇਟ ਅਫ਼ਸਰ ਜਲੰਧਰ ਵਿਕਾਸ ਅਥਾਰਟੀ ਖੁਸ਼ਦਿਲ ਸਿੰਘ ਦੇ ਦਫ਼ਤਰ 'ਚ ਨਾਮਜ਼ਦਗੀਆਂ ਜਮ੍ਹਾਂ ਹੋਣਗੀਆਂ।

-ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ 'ਚ ਐੱਸਡੀਐੱਮ ਜਲੰਧਰ-1 ਹਰਪ੍ਰਰੀਤ ਸਿੰਘ ਅਟਵਾਲ ਦੇ ਦਫ਼ਤਰ ਵਿਖੇ ਨਾਮਜ਼ਦਗੀ ਕਾਗਜ਼ ਦਾਖਲ ਹੋਣਗੇ।

-ਵਿਧਾਨ ਸਭਾ ਹਲਕਾ ਜਲੰਧਰ ਉੱਤਰੀ 'ਚ ਏਸੀਏ ਜਲੰਧਰ ਵਿਕਾਸ ਅਥਾਰਟੀ ਰਜਤ ਉਬਰਾਏ ਦੇ ਦਫ਼ਤਰ 'ਚ ਨਾਮਜ਼ਦਗੀ ਪੱਤਰ ਦਾਖਲ ਹੋਣਗੇ।

-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ 'ਚ ਸਕੱਤਰ ਆਰਟੀਏ ਰਾਜੀਵ ਵਰਮਾ ਦੇ ਦਫ਼ਤਰ 'ਚ ਨਾਮਜ਼ਦਗੀਆਂ ਜਮ੍ਹਾਂ ਹੋਣਗੀਆਂ।

-ਵਿਧਾਨ ਸਭਾ ਹਲਕਾ ਆਦਮਪੁਰ 'ਚ ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਜੋਤੀ ਬਾਲਾ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਹੋਣਗੇ।

=-------------

ਉਮੀਦਵਾਰਾਂ ਲਈ ਹੋਣਗੇ ਇਹ ਨਿਯਮ

-ਉਮੀਦਵਾਰ ਆਪਣੇ ਨਾਲ ਸਿਰਫ ਦੋ ਵਿਅਕਤੀ ਲੈ ਕੇ ਹੀ ਆਰਓ ਦੇ ਦਫਤਰ 'ਚ ਜਾ ਸਕਦਾ ਹੈ।

-100 ਮੀਟਰ ਦੇ ਘੇਰੇ 'ਚ ਸਿਰਫ ਦੋ ਗੱਡੀਆਂ ਹੀ ਦਾਖਲ ਹੋ ਸਕਦੀਆਂ ਹਨ।

-ਉਮੀਦਵਾਰ ਜਾਂ ਫਿਰ ਹਮਾਇਤੀ ਸਰੀਰਕ ਦੂਰੀ ਬਣਾ ਕੇ ਰੱਖਣਗੇ।

-ਮਾਸਕ ਲਾਉਣਾ ਲਾਜ਼ਮੀ ਹੋਵੇਗਾ।

-ਦਸਤਖਤ ਕਰਨ ਤੋਂ ਬਾਅਦ ਹੱਥ ਸੈਨੇਟਾਈਜ਼ ਕਰਨੇ ਹੋਣਗੇ।

-ਉਮੀਦਵਾਰ ਜਲੂਸ ਨਹੀਂ ਕੱਢ ਸਕਣਗੇ।

-----------

ਫੈਕਟ ਫਾਈਲ

25 ਜਨਵਰੀ ਤੋਂ 1 ਫਰਵਰੀ ਤਕ ਲਏ ਜਾਣਗੇ ਨਾਮਜ਼ਦਗੀ ਕਾਗਜ਼।

26 ਜਨਵਰੀ ਤੇ 30 ਜਨਵਰੀ ਨੂੰ ਰਹੇਗੀ ਛੁੱਟੀ।

2 ਫਰਵਰੀ ਨੂੰ ਨਾਮਜ਼ਦਗੀਆਂ ਦੀ ਹੋਵੇਗੀ ਜਾਂਚ।

4 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ।

ਰੋਜ਼ਾਨਾ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤਕ ਲਏ ਜਾਣਗੇ ਨਾਮਜ਼ਦਗੀ ਕਾਗਜ਼।

20 ਫਰਵਰੀ ਨੂੰ ਵੋਟਾਂ ਪੈਣਗੀਆਂ।

10 ਮਾਰਚ ਨੂੰ ਹੋਵੇਗੀ ਵੋਟਾਂ ਦੀ ਗਿਣਤੀ।