ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਨੇ ਮੰਗੋਲਿਆ ਦੀ ਰਾਜਧਾਨੀ ਉਲਾਨਬਾਟਰ ਦੇ ਗਵਰਨਰ ਆਫਿਸ ਦੇ ਨਾਲ ਮਹੱਤਵਪੂਰਣ ਸਮਝੌਤਾ 'ਤੇ ਹਸਤਾਖਰ ਕੀਤੇ ਹਨ। ਮੰਗੋਲਿਆ ਦੀ ਰਾਜਧਾਨੀ ਸਿਟੀ ਉਲਾਨਬਾਟਰ ਦੇ ਡਿਪਟੀ ਗਵਰਨਰ ਖਲਿਉਨਬਾਤ ਮਿਆਗਮਾਰਜਵ ਅਤੇ ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਵੱਲੋਂ ਸਮਝੌਤਾ ਮੀਮੋ 'ਤੇ ਹਸਤਾਖਰ ਕੀਤੇ ਗਏ। ਇਹ ਹਸਤਾਖਰ ਸਮਾਰੋਹ ਮੰਗੋਲਿਆ ਦੇ ਰਾਸ਼ਟਰਪਤੀ ਮਹਾਮਹਿਮ ਕਲਤਮਾਗੀਨੀ ਬੱਤੂਗਾ ਦੇ ਭਾਰਤ ਦੇ ਨਵੀਂ ਦਿੱਲੀ ਵਿਚ ਦੌਰੇ ਦੌਰਾਨ ਕਰਵਾਇਆ ਗਿਆ ਸੀ ਜਿੱਥੇ ਭਾਰਤ ਸਰਕਾਰ ਵਿਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮੇਂਦਰ ਪ੍ਰਧਾਨ ਵੀ ਮੌਜੂਦ ਸਨ।

ਇਸ ਸਮਝੌਤੇ ਤਹਿਤ ਐੱਲਪੀਯੂ ਮੰਗੋਲਿਆ ਦੀ ਰਾਜਧਾਨੀ ਸ਼ਹਿਰ ਦੇ ਸਿੱਖਿਅਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਆਈਟੀ ਅਧਿਆਪਨ ਪ੍ਰਦਾਨ ਕਰੇਗਾ। ਐੱਲਪੀਯੂ ਮੰਗੋਲਿਆ ਵਿਚ ਸਕੂਲਾਂ ਨੂੰ ਆਟੋਮੇਟੇਡ ਕਰਨ ਦੀ ਦਿਸ਼ਾ ਵਿਚ ਵੀ ਕੰਮ ਕਰੇਗਾ ਅਤੇ ਕੈਂਪਸਾਂ ਨੂੰ ਪੇਪਰਲੈੱਸ ਬਣਾਵੇਗਾ।

ਅੰਤਰਰਾਸ਼ਟਰੀ ਸਹਿਯੋਗ ਉੱਤੇ ਖੁਸ਼ੀ ਮਹਿਸੂਸ ਕਰਦੇ ਹੋਏ, ਐੱਲਪੀਯੂ ਦੇ ਅਡੀਸ਼ਨਲ ਡਾਇਰੈਕਟਰ ਅਮਨ ਮਿੱਤਲ ਨੇ ਕਿਹਾ ਕਿ ਉਹ ਮੰਗੋਲਿਆ ਵਿਚ ਆਈਟੀ ਸਿੱਖਿਆ ਦੇ ਮਾਨਕਾਂ ਨੂੰ ਵਧਾਉਣ ਦੀ ਦਿਸ਼ਾ ਵਿਚ ਕੰਮ ਕਰਨ ਲਈ ਮੰਗੋਲਿਆ ਸਰਕਾਰ ਦੇ ਨਾਲ ਤਾਲਮੇਲ ਬਣਾਉਣ ਉੱਤੇ ਖੁਸ਼ ਹਨ।

ਐੱਲਪੀਯੂ ਆਪਣੇ ਕੈਂਪਸ 'ਚ ਇੰਜੀਨੀਅਰਿੰਗ, ਮੈਨੇਜਮੇਂਟ, ਕੰਪਿਊਟਰ ਐਪਲੀਕੇਸ਼ਨ, ਫਾਰਮੇਸੀ ਅਤੇ ਹੋਰ ਖੇਤਰਾਂ ਵਿਚ ਮੰਗੋਲਿਆ ਦੇ ਵਿਦਿਆਰਥੀਆਂ ਨੂੰ ਦਾਖਲਾ ਦੇ ਕੇ ਗੁਣਵੱਤਾਪੂਰਣ ਉੱਚ ਸਿੱਖਿਆ ਵੀ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਮੰਗੋਲਿਆ ਸਰਕਾਰ ਦੇ ਮਾਧਿਅਮ ਤੋਂ ਐੱਲਪੀਯੂ ਵਿਚ ਭਰਤੀ ਹੋਣ ਵਾਲੇ ਵਿਦਿਆਰਥੀਆਂ ਨੂੰ ਐੱਲਪੀਯੂ ਵੱਲੋਂ ਸਕਾਲਰਸ਼ਿਪ ਵੀ ਪ੍ਰਦਾਨ ਕੀਤਾ ਜਾਵੇਗਾ।