- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਦੇ ਠੇਕੇਦਾਰ

ਨਗਰ ਨਿਗਮ ਦੇ ਠੇਕੇਦਾਰ ਤੋਂ ਵੱਡੇ ਕਾਰੋਬਾਰੀ ਬਣੇ ਅਮਿਤ ਬਜਾਜ, ਸੇਖਵਾਂ ਪਰਿਵਾਰ ਦੇ ਨੇੜੇ
ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਦੇ ਠੇਕੇਦਾਰ ਅਮਿਤ ਬਜਾਜ ਦੇ ਰਿਹਾਇਸ਼ ਤੇ ਦਫਤਰ ’ਚ ਈਡੀ ਨੇ 11 ਘੰਟਿਆਂ ਦੀ ਜਾਂਚ ਦੌਰਾਨ ਉਨ੍ਹਾਂ ਦੀ ਜਾਇਦਾਦ, ਲੈਪਟਾਪ ਤੇ ਕੰਪਿਊਟਰ ਦੇ ਨਾਲ ਸਬੰਧਤ ਕੁਝ ਦਸਤਾਵੇਜ਼ ਕਬਜ਼ੇ ’ਚ ਲਏ ਹਨ। ਜਦੋਂ ਈਡੀ ਨੇ ਨਿਊ ਜਵਾਹਰ ਨਗਰ ਸਥਿਤ ਉਨ੍ਹਾਂ ਦੇ ਰਿਹਾਇਸ਼ 'ਤੇ ਛਾਪਾ ਮਾਰਿਆ, ਉਦੋਂ ਅਮਿਤ ਬਜਾਜ ਸ਼ਹਿਰ ਤੋਂ ਬਾਹਰ ਸਨ। ਇਸ ਦੌਰਾਨ ਉਨ੍ਹਾਂ ਦੇ ਭਰਾ ਤੇ ਘਰ ਦੇ ਹੋਰ ਮੈਂਬਰ ਹਾਜ਼ਰ ਸਨ। ਈਡੀ ਦੀ ਕਾਰਵਾਈ ਦੀ ਜਾਣਕਾਰੀ ਮਿਲਦਿਆਂ ਹੀ ਉਹ ਦੁਪਹਿਰ ਕਰੀਬ ਸਾਢੇ 12 ਵਜੇ ਵਾਪਸ ਆ ਗਏ। ਹੈਮਪਟਨ ਸਕਾਈ ਰੀਅਲਟੀ ਲਿਮਟਿਡ ’ਚ ਭੂਮਿਕਾ ਨੂੰ ਲੈ ਕੇ ਈਡੀ ਦੀ ਜਾਂਚ ’ਚ ਫਸੇ ਅਮਿਤ ਬਜਾਜ ਦੇ ਘਰ ਸਵੇਰੇ ਕਰੀਬ ਸਾਢੇ 8 ਵਜੇ ਈਡੀ ਦੀਆਂ ਦੋ ਗੱਡੀਆਂ ਨਿਊ ਜਵਾਹਰ ਨਗਰ ਪੁੱਜੀਆਂ, ਜਿਨ੍ਹਾਂ ’ਚ ਜਾਂਚ ਟੀਮ ਦੇ 8 ਮੈਂਬਰ ਮੌਜੂਦ ਸਨ। ਟੀਮਾਂ ਨੇ ਘਰ ’ਚ ਦਾਖਲ ਹੋਣ ਨਾਲ ਹੀ ਅੰਦਰੋਂ ਦਰਵਾਜ਼ੇ ਬੰਦ ਕਰ ਲਏ। ਜਾਂਚ ਦੌਰਾਨ ਘਰ ਦੇ ਨੌਕਰ ਸਾਫ਼-ਸਫਾਈ ਕਰਦੇ ਦਿਖਾਈ ਦਿੱਤੇ ਤੇ ਕੰਮ ਲਈ ਬਾਹਰ ਵੀ ਨਿਕਲੇ। ਈਡੀ ਦੇ ਮੈਂਬਰਾਂ ਨੇ ਆਪਣੇ ਲਈ ਜ਼ੂਮੈਟੋ ਤੋਂ ਸੈਂਡਵਿਚ ਵੀ ਮੰਗਵਾਏ। ਉਨ੍ਹਾਂ ਦੇ ਘਰ ਤੇ ਦਫਤਰ ਤੋਂ ਬਰਾਮਦ ਕੀਤੇ ਗਏ ਰਿਕਾਰਡ ਤੇ ਗੈਜਟ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ।
-----
ਜਲੰਧਰ ’ਚ ਵੀ ਨਿਗਮ ਦਾ ਵੱਡਾ ਠੇਕੇਦਾਰ ਰਹਿ ਚੁੱਕਾ ਹੈ ਅਮਿਤ ਬਜਾਜ
ਗੁਰਦਾਸਪੁਰ ਤੋਂ ਜਲੰਧਰ ਸ਼ਿਫਟ ਹੋਣ ਮਗਰੋਂ ਇੰਦਰਜੀਤ ਬਜਾਜ ਤੇ ਅਮਿਤ ਬਜਾਜ ਨੇ ਨਗਰ ਨਿਗਮ ’ਚ ਛੋਟੇ-ਛੋਟੇ ਠੇਕੇ ਲੈਣ ਨਾਲ ਸ਼ੁਰੂਆਤ ਕੀਤੀ ਸੀ। ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ਮਗਰੋਂ ਅਮਿਤ ਬਜਾਜ ਦਾ ਸਰਕਾਰੀ ਵਿਭਾਗਾਂ ’ਚ ਪ੍ਰਭਾਵ ਵੀ ਵਧਦਾ ਗਿਆ। ਉਹ ਸਥਾਨਕ ਸਰਕਾਰਾਂ ਮੰਤਰੀਆਂ ਸਮੇਤ ਕਈ ਵਿਭਾਗਾਂ ’ਚ ਦਖਲ ਰੱਖਣ ਲੱਗੇ ਤੇ ਵਿੱਤੀ ਤੌਰ 'ਤੇ ਵੀ ਮਜ਼ਬੂਤ ਹੋ ਗਏ। ਪਿਛਲੇ ਕੁਝ ਸਮੇਂ ਤੋਂ ਉਹ ਜਲੰਧਰ ਨਗਰ ਨਿਗਮ ’ਚ ਕੰਮ ਨਹੀਂ ਕਰ ਰਹੇ ਪਰ ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਬਠਿੰਡਾ ਸਮੇਤ ਕਈ ਵੱਡੇ ਸ਼ਹਿਰਾਂ ’ਚ ਸੁਪਰ ਸੱਕਸ਼ਨ ਮਸ਼ੀਨਾਂ ਤੋਂ ਲੈ ਕੇ ਕਈ ਵੱਡੇ ਪ੍ਰੋਜੈਕਟ ਉਨ੍ਹਾਂ ਦੇ ਹੱਥ ’ਚ ਹਨ। ਉਹ ਪਾਵਰਕਾਮ ਦੇ ਵੀ ਕਈ ਠੇਕੇ ਲੈਂਦੇ ਰਹੇ ਹਨ। ਮੌਜੂਦਾ ਸਮੇਂ ’ਚ ਵੀ ਉਹ ਕਈ ‘ਆਪ’ ਆਗੂਆਂ ਨਾਲ ਵਿੱਤੀ ਤੌਰ 'ਤੇ ਖੜ੍ਹੇ ਹਨ।
-----
ਪਹਿਲਾਂ ਅਕਾਲੀ-ਭਾਜਪਾ ਸਰਕਾਰ ’ਚ ਵੀ ਸੀ ਚੰਗੀ ਪਕੜ
ਅਮਿਤ ਬਜਾਜ ਮੂਲ ਰੂਪ ’ਚ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਨਾਲ ਨੇੜੇ ਰਹਿਣ ਤੋਂ ਪਹਿਲਾਂ ਉਹ ਅਕਾਲੀ ਦਲ ਨੇੜੇ ਰਹੇ ਹਨ। ਬਜਾਜ ਭਰਾ ਗੁਰਦਾਸਪੁਰ ਦੇ ਵੱਡੇ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਦੇ ਪਰਿਵਾਰ ਨੇੜੇ ਰਹੇ ਹਨ। ਕਰੀਬ ਪੰਜ ਦਹਾਕਿਆਂ ਤੋਂ ਬਜਾਜ ਪਰਿਵਾਰ ਦਾ ਸੇਖਵਾਂ ਪਰਿਵਾਰ ਨਾਲ ਪਰਿਵਾਰਕ ਸਬੰਧ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਸੇਵਾ ਸਿੰਘ ਸੇਖਵਾਂ ਪਾਵਰਫੁੱਲ ਆਗੂ ਸਨ ਤੇ ਪੰਜਾਬ ਸਰਕਾਰ ’ਚ ਮੰਤਰੀ ਸਨ। ਉਨ੍ਹਾਂ ਕੋਲ ਨਗਰ ਨਿਗਮ ਜਲੰਧਰ ਦੀ ਜ਼ਿੰਮੇਵਾਰੀ ਵੀ ਸੀ। ਕਮਲਜੀਤ ਸਿੰਘ ਭਾਟੀਆ ਨੂੰ ਦੋ ਵਾਰ ਸੀਨੀਅਰ ਡਿਪਟੀ ਮੇਅਰ ਸੇਖਵਾਂ ਨੇ ਹੀ ਬਣਵਾਇਆ ਸੀ ਤੇ ਇਸ ’ਚ ਬਜਾਜ ਭਾਈਆਂ ਦੀ ਅਹਿਮ ਭੂਮਿਕਾ ਰਹੀ ਸੀ। ਇਸ ਤੋਂ ਬਾਅਦ ਬਜਾਜ ਪਰਿਵਾਰ ਨਗਰ ਨਿਗਮ ਦੇ ਵਿਕਾਸ ਕੰਮਾਂ ’ਚ ਹਾਵੀ ਹੋ ਗਿਆ। ਅਗਸਤ 2021 ਵਿਚ ਸੇਵਾ ਸਿੰਘ ਸੇਖਵਾਂ ‘ਆਪ’ ’ਚ ਸ਼ਾਮਲ ਹੋ ਗਏ ਤੇ ਬਜਾਜ ਪਰਿਵਾਰ ਦੀ ਵੀ ‘ਆਪ’ ਨਾਲ ਨਜ਼ਦੀਕੀਆਂ ਵਧਣ ਲੱਗੀਆਂ। ਹਾਲਾਂਕਿ ਇਸੇ ਸਾਲ ਸੇਵਾ ਸਿੰਘ ਸੇਖਵਾਂ ਦਾ ਦੇਹਾਂਤ ਹੋ ਗਿਆ ਪਰ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਪਾਰਟੀ ਦੇ ਵੱਡੇ ਆਗੂ ਹਨ। 2021 ’ਚ ਜਦੋਂ ‘ਆਪ’ ਪੰਜਾਬ ਵਿਚ ਸਰਕਾਰ ਬਣਾਉਣ ਦੀ ਲੜਾਈ ਲੜ ਰਹੀ ਸੀ, ਉਦੋਂ ਅਮਿਤ ਬਜਾਜ ‘ਆਪ’ ਨੇੜੇ ਹੋ ਗਏ ਤੇ ਕਈ ਵੱਡੇ ਆਗੂਆਂ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਹੋ ਗਈਆਂ।
-----
ਮਜੀਠੀਆ ਵੱਲੋਂ 7 ਮਈ ਨੂੰ ਸ਼ੇਅਰ ਕੀਤੀ ਫੋਟੋ ’ਚ ਸੀ ਬਜਾਜ
ਚੰਡੀਗੜ੍ਹ ’ਚ ਸੀਐੱਲਯੂ ਮਾਮਲੇ ’ਚ ਈਡੀ ਦੀ ਕਾਰਵਾਈ ਮਗਰੋਂ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਇੰਟਰਨੈੱਟ ਮੀਡੀਆ 'ਤੇ ਇਕ ਪੋਸਟ ਪਾਈ ਸੀ, ਜਿਸ ’ਚ ਕਈ ਵੱਡੇ ‘ਆਪ’ ਆਗੂਆਂ ਨਾਲ ਅਮਿਤ ਬਜਾਜ ਦੀ ਵੀ ਫੋਟੋ ਸੀ। ਮਜੀਠੀਆ ਨੇ ਈਡੀ ਦੀ ਕਾਰਵਾਈ ਤੇ ਆਪ ਆਗੂਆਂ 'ਤੇ ਤਿੱਖਾ ਵਿਅੰਗ ਕੱਸਦਿਆਂ ਲਿਖਿਆ ਸੀ ਕਿ "ਸਭ ਫੜੇ ਜਾਣਗੇ"। ਉਨ੍ਹਾਂ ਦੀ ਇਸ ਪੋਸਟ ਨੂੰ ਕਈ ਲੋਕਾਂ ਨੇ ਅੱਗੇ ਵਾਇਰਲ ਵੀ ਕੀਤਾ ਸੀ। ਪੋਸਟ ਦੇ ਕਰੀਬ ਇਕ ਮਹੀਨੇ ਬਾਅਦ ਹੀ ਈਡੀ ਨੇ ਅਮਿਤ ਬਜਾਜ ’ਤੇ ਕਾਰਵਾਈ ਕਰ ਦਿੱਤੀ।
-----
ਦੋ ਮਹੀਨਿਆਂ ਵਿਚ ਤਿੰਨ ਵੱਡੀਆਂ ਕਾਰਵਾਈਆਂ ਕੀਤੀਆਂ
-15 ਅਪ੍ਰੈਲ ਨੂੰ ਲਵਲੀ ਯੂਨੀਵਰਸਿਟੀ ਦੇ ਚਾਂਸਲਰ ਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਜਲੰਧਰ ਕੈਂਟ ਸਥਿਤ ਰਿਹਾਇਸ਼ ਤੇ ਵਪਾਰਕ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ।
- 17 ਅਪ੍ਰੈਲ ਨੂੰ ਜਲੰਧਰ ਦੇ ਮਸ਼ਹੂਰ ਫਾਇਨਾਂਸਰ ਚੰਦਰਸ਼ੇਖਰ ਅਗਰਵਾਲ ਦੇ ਜੀਟੀਬੀ ਨਗਰ ਸਥਿਤ ਰਿਹਾਇਸ਼ ਤੇ ਉਨ੍ਹਾਂ ਦੇ ਵਪਾਰਕ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ।
- 9 ਜੂਨ ਨੂੰ ਨਗਰ ਨਿਗਮ ਦੇ ਮਸ਼ਹੂਰ ਠੇਕੇਦਾਰ ਅਮਿਤ ਬਜਾਜ ਦੇ ਨਿਊ ਜਵਾਹਰ ਨਗਰ ਸਥਿਤ ਰਿਹਾਇਸ਼ ਤੇ ਦਫਤਰ 'ਚ ਛਾਪਾ ਮਾਰਿਆ ਗਿਆ।
-----
ਮੇਅਰ ਦੇ ਘਰ ’ਤੇ ਛਾਪਾ ਨਿਕਲੀ ਨਿਰੀ ਅਫ਼ਵਾਹ
ਮੰਗਲਵਾਰ ਸਵੇਰੇ ਜਦੋਂ ਕਾਰੋਬਾਰੀ ਤੇ ਨਿਗਮ ਠੇਕੇਦਾਰ ਅਮਿਤ ਬਜਾਜ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟਰੇਟ ਦੀ ਛਾਪੇਮਾਰੀ ਹੋਈ ਤਾਂ ਇਹ ਅਫਵਾਹ ਵੀ ਫੈਲ ਗਈ ਕਿ ਮੇਅਰ ਦੇ ਘਰ 'ਤੇ ਵੀ ਛਾਪਾ ਪਿਆ ਹੈ। ਸੋਸ਼ਲ ਮੀਡੀਆ 'ਤੇ ਕਈ ਜਗ੍ਹਾਂ ਇਸ ਦੀਆਂ ਖਬਰਾਂ ਚੱਲਣ ਲੱਗ ਪਈਆਂ ਪਰ ਕਰੀਬ 10:30 ਵਜੇ ਮੇਅਰ ਵਨੀਤ ਧੀਰ ਨੇ ਸਾਫ਼ ਕੀਤਾ ਕਿ ਇਹ ਪੂਰੀ ਤਰ੍ਹਾਂ ਗਲਤ ਖਬਰ ਹੈ ਤੇ ਉਹ ਰੂਟੀਨ ਦੀ ਤਰ੍ਹਾਂ ਕੰਮ ਕਰ ਰਹੇ ਹਨ। ਅਮਿਤ ਬਜਾਜ ਕਿਉਂਕਿ ਨਿਗਮਾਂ ’ਚ ਵੱਡੇ ਪ੍ਰੋਜੈਕਟ ਲੈਂਦੇ ਹਨ, ਇਸ ਲਈ ਨਿਗਮ ਹੈੱਡ ਕੁਆਰਟਰ ’ਚ ਵੀ ਚਰਚਾ ਬਣਿਆ ਰਿਹਾ। ਈਡੀ ਦੀ ਕਾਰਵਾਈ ਕਾਰਨ ਸ਼ਹਿਰ ਦੇ ਸਿਆਸੀ ਹਲਕਿਆਂ ’ਚ ਹਲਚਲ ਹੈ।