ਮਦਨ ਭਾਰਦਵਾਜ, ਜਲੰਧਰ : ਸ਼ਨਿਚਰਵਾਰ ਨੂੰ ਸ਼ਹਿਰ ਵਿਚ ਹੋਈ ਜ਼ੋਰਦਾਰ ਬਰਸਾਤ ਕਾਰਨ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਮੁੱਖ ਡੰਪਾਂ 'ਤੇ ਕੂੜੇ ਦੇ ਢੇਰ ਲੱਗ ਗਏ ਹਨ ਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਕਈ ਥਾਵਾਂ ਤੋਂ ਕੂੜੇ ਨਾ ਚੁੱਕੇ ਜਾਣ ਕਾਰਨ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਮੁੱਖ ਤੌਰ 'ਤੇ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਸਾਹਮਣੇ ਵਾਲਾ ਡੰਪ, ਨਕੋਦਰ ਰੋਡ ਦੇ ਖ਼ਾਲਸਾ ਸਕੂਲ ਦੇ ਬਾਹਰ ਵਾਲਾ ਡੰਪ, ਰਾਮਾ ਮੰਡੀ, 120 ਫੁਟੀ ਰੋਡ ਆਦਿ ਵੱਡੇ ਡੰਪ ਹਨ, ਜਿੱਥੇ ਸ਼ਨਿਚਰਵਾਰ ਤੇ ਐਤਵਾਰ ਦਾ ਕੂੜਾ ਇਕੱਠਾ ਹੋ ਗਿਆ ਹੈ ਜਿਸ ਕਾਰਨ ਡੰਪ ਨੱਕੋ-ਨੱਕ ਭਰ ਗਏ ਹਨ।

--------

ਦੋ ਦਿਨ 'ਚ ਸਾਫ਼ ਕਰ ਦਿੱਤੇ ਜਾਣਗੇ ਡੰਪ : ਹੈਲਥ ਅਫਸਰ

ਇਸ ਦੌਰਾਨ ਨਗਰ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਦੋ ਦਿਨ ਤਕ ਸਾਰੇ ਡੰਪ ਸਾਫ਼ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਬਰਸਾਤ ਕਾਰਨ ਘਰਾਂ ਤੇ ਡੰਪਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ ਤੇ ਵਰਕਸ਼ਾਪ ਤੋਂ ਕੋਈ ਗੱਡੀ ਨਹੀਂ ਨਿਕਲੀ ਸੀ। ਇਸ ਲਈ ਕੂੜਾ ਜਮ੍ਹਾਂ ਹੋ ਗਿਆ ਸੀ। ਐਤਵਾਰ ਨੂੰ ਕੂੜਾ ਚੁੱਕਣ ਦਾ ਕੰਮ ਤਾਂ ਕੀਤਾ ਗਿਆ ਪਰ ਐਤਵਾਰ ਨੂੰ ਵੀ ਹੋਰ ਕੂੜਾ ਆ ਗਿਆ ਜਿਸ ਕਾਰਨ ਡੰਪ ਫਿਰ ਭਰ ਗਏ ਜਿਨ੍ਹਾਂ ਨੂੰ ਸੋਮਵਾਰ ਤੋਂ ਮੁੜ ਸਾਫ਼ ਕੀਤਾ ਜਾਵੇਗਾ।