ਅਮਰਜੀਤ ਸਿੰਘ ਵੇਹਗਲ, ਜਲੰਧਰ : ਬੀਤੀ ਦੇਰ ਰਾਤ ਥਾਣਾ ਮਕਸੂਦਾਂ ਅਧੀਨ ਆਉਂਦੀ ਆਧੀ ਖੂਹੀ ਪੁਲਿਸ ਚੌਕੀ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਪਿੰਡ ਮੰਡ ਨੇੜੇ ਨਾਕੇਬੰਦੀ ਦੌਰਾਨ ਕਾਰ 'ਚੋਂ 34 ਪੇਟੀਆਂ ਨਾਜਾਇਜ਼ ਸ਼ਰਾਬ ਤੇ 88 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ, ਜਦਕਿ ਨਸ਼ਾ ਸਮੱਗਲਰ ਹਨੇਰੇ ਦਾ ਲਾਹਾ ਲੈ ਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਫਰਾਰ ਹੋਏ ਮੁਲਜ਼ਮਾਂ ਦੀ ਪੁਲਿਸ ਨੇ ਪਛਾਣ ਕਰ ਲਈ ਗਈ ਹੈ। ਪ੍ਰਰੈੱਸ ਕਾਨਫਰੰਸ ਰਾਹੀਂ ਡੀਐੱਸਪੀ ਸੁਰਿੰਦਰ ਪਾਲ ਧੋਗੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਦੀ ਅਗਵਾਈ 'ਚ ਆਧੀ ਖੂਹੀ ਪੁਲਿਸ ਚੌਕੀ ਦੇ ਇੰਚਾਰਜ ਨਰਿੰਦਰ ਰੱਲ੍ਹ ਨੇ ਸਮੇਤ ਪੁਲਿਸ ਪਿੰਡ ਮੰਡ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ ਤਾਂ ਪਿੰਡ ਪੱਤੜ ਕਲਾਂ ਵੱਲੋਂ ਆਉਂਦੀ ਕਾਰ ਪੀਬੀ13 ਬੀਬੀ 9062 ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਵੱਲੋਂ ਪੁਲਿਸ ਦਾ ਨਾਕਾ ਤੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤੇ ਕੁਝ ਹੀ ਦੂਰੀ 'ਤੇ ਜਾ ਕੇ ਕਾਰ ਬੰਦ ਹੋ ਗਈ। ਪੁਲਿਸ ਨੂੰ ਵੇਖ ਕੇ ਕਾਰ ਸਵਾਰ ਦੋ ਨਸ਼ਾ ਸਮੱਗਲਰ ਫਰਾਰ ਹੋਣ 'ਚ ਸਫਲ ਹੋ ਗਏ। ਫਰਾਰ ਹੋਏ ਨਸ਼ਾ ਸਮੱਗਲਰਾਂ 'ਚੋਂ ਇਕ ਦੀ ਪਛਾਣ ਹਰਪ੍ਰਰੀਤ ਸਿੰਘ ਉਰਫ ਹੈਪੀ ਵਾਸੀ ਪੱਤੜ ਕਲਾਂ, ਥਾਣਾ ਕਰਤਾਰਪੁਰ, ਜਲੰਧਰ ਵਜੋਂ ਹੋਈ। ਹਨੇਰਾ ਹੋਣ ਕਰ ਕੇ ਦੂਜੇ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਦੇ ਹੱਥ ਲੱਗੀ ਕਾਰ 'ਚੋਂ ਰਾਜਧਾਨੀ ਵਿਸਕੀ ਦੀਆਂ 34 ਪੇਟੀਆਂ ਨਾਜਾਇਜ਼ ਸ਼ਰਾਬ ਤੇ 88 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ ਹਨ। ਹਰਪ੍ਰਰੀਤ ਸਿੰਘ ਉਰਫ ਹੈਪੀ ਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਫਰਾਰ ਹੋਏ ਸਮੱਗਲਰਾਂ ਦੀ ਭਾਲ ਕੀਤੀ ਜਾ ਰਹੀ ਹੈ।