ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਚੌਕੀ ਪਚਰੰਗਾ ਅਧੀਨ ਆਉਂਦੇ ਪਿੰਡ ਕਾਲਾ ਬੱਕਰਾ ਵਿਖੇ ਨਸ਼ਿਆਂ ਦੇ ਆਦੀ 20 ਸਾਲਾ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੂੰ ਜਾਣਕਾਰੀ ਦਿੰਦਿਆ ਦਲਵੀਰ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਮਾਮੇ ਇੰਦਰਜੀਤ ਸਿੰਘ ਦੀ 5 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਦਾ ਲੜਕਾ ਲਵਪ੍ਰਰੀਤ ਸਿੰਘ ਪਿਛਲੇ 5 ਸਾਲਾਂ ਤੋ ਕਾਲਾ ਬੱਕਰਾ ਸਥਿਤ ਘਰ ਵਿਚ ਰਹਿ ਰਿਹਾ ਸੀ। ਦਲਵੀਰ ਸਿੰਘ ਨੇ ਦੱਸਿਆ ਕਿ ਲਵਪ੍ਰਰੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਤੇ ਪਰੇਸ਼ਾਨ ਰਹਿੰਦਾ ਸੀ ਤੇ ਵੀਰਵਾਰ ਰਾਤ ਮਕਾਨ ਦੀ ਤੀਜੀ ਮੰਜਿਲ 'ਤੇ ਇਕੱਲਾ ਸੌਣ ਲਈ ਗਿਆ ਸੀ। ਸ਼ੁੱਕਰਵਾਰ ਸਵੇਰੇ 11 ਵਜੇ ਤਕ ਜਦੋਂ ਉਹ ਹੇਠਾਂ ਨਾ ਉਤਰਿਆ ਤਾਂ ਪਰਿਵਾਰਕ ਮੈਬਰਾਂ ਨੇ ਉੱਪਰ ਜਾ ਕੇ ਦੇਖਿਆ ਤਾਂ ਉਹ ਪੱਖੇ ਨਾਲ ਸਾਫਾ ਪਾ ਕੇ ਲਟਕਿਆ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਲਵਪ੍ਰਰੀਤ ਸਿੰਘ ਦੀ ਮੌਤ ਲਈ ਕਿਸੇ ਦਾ ਕੋਈ ਕਸੂਰ ਨਹੀਂ ਹੈ। ਜਿਸ ਦੇ ਆਧਾਰ 'ਤੇ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।