ਕੁਲਵਿੰਦਰ ਸਿੰਘ,ਜਲੰਧਰ : ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੇ ਮੌਕੇ ’ਤੇ ਨਕੋਦਰ ਚੌਂਕ ਵਿਚ ਲੱਗੀ ਬਾਬਾ ਸਾਹਿਬ ਦੀ ਮੂਰਤ ਉਤੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਨ ਪੁੱਜੇ ਭਾਜਪਾ ਤੇ ਅਕਾਲੀ ਲੀਡਰਾਂ ਨੂੰ ਦਲਿਤ ਸੰਗਠਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਅਨਿਲ ਕੁਮਾਰ ਸੱਚਰ, ਮਹਿਲਾ ਪ੍ਰਧਾਨ ਮੀਨੂੰ ਸ਼ਰਮਾ ਸਮੇਤ ਕਈ ਭਾਜਪਾ ਆਗੂਆਂ ਖਿਲਾਫ ਦਲਿਤ ਸੰਗਠਨਾਂ ਨੇ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੀ ਜਦੋਂ ਨਕੋਦਰ ਚੌਂਕ ਪੁੱਜੇ ਤਾਂ ਦਲਿਤ ਸੰਗਠਨਾਂ ਨੇ ਉਨ੍ਹਾਂ ਖਿਲਾਫ ਵੀ ਨਾਅਰੇਬਾਜ਼ੀ ਕੀਤੀ। ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਪੁੱਜਣ ’ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿਤੇ ਗਏ ਅਤੇ ਪੁਲਿਸ ਦੀ ਸੁਰੱਖਿਆ ਹੇਠ ਦੋਵੇਂ ਪਾਰਟੀਆਂ ਦੇ ਵੱਡੇ ਨੇਤਾ ਉਥੋਂ ਚਲੇ ਗਏ।

ਦਲਿਤ ਸੰਗਠਨਾਂ ਨੇ ਵਿਰੋਧ ਦਾ ਕਾਰਨ ਦਸਦੇ ਹੋਏ ਕਿਹਾ ਕਿ ਭਾਜਪਾ ਡਾ. ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਵਿਚ ਫੇਰ ਬਦਲ ਕਰਕੇ ਉਸਦਾ ਸਰੂਪ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਅਕਾਲੀ ਦਲ ਉਪਰ ਵੀ ਇਸ ਮਾਮਲੇ ਵਿਚ ਭਾਜਪਾ ਦਾ ਸਾਥ ਦੇਣ ਦੀ ਗੱਲ ਕਹੀ।

ਕਾਂਗਰਸੀ ਆਗੂਆਂ ਨੇ ਸਥਾਨ ਬਦਲਣ ਵਿਚ ਭਲਾਈ ਸਮਝੀ ਨਕੋਦਰ ਚੌਂਕ ਵਿਚ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਰੱਖੇ ਸਮਾਗਮ ਵਿਚ ਭਾਜਪਾ ਅਕਾਲੀ ਆਗੂਆਂ ਦੇ ਵਿਰੋਧ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸੀ ਆਗੂਆਂ ਨੇ ਨਕੋਦਰ ਚੌਂਕ ਦੀ ਥਾਂ ਤਹਿਸੀਲ ਕੰਪਲੈਕਸ ਵਿਚ ਸਥਾਪਿਤ ਬਾਬਾ ਸਾਹਿਬ ਦੀ ਮੂਰਤੀ ਉਪਰ ਹਾਰ ਪਾ ਕੇ ਆਪਣੀ ਸ਼ਰਧਾ ਦਾ ਇਜ਼ਹਾਰ ਕੀਤਾ।

ਤਹਿਸੀਲ ਕੰਪਲੈਂਕਸ ਵਿਚ ਲੱਗੀ ਮੂਰਤੀ ’ਤੇ ਸ਼ਰਧਾ ਭੇਂਟ ਕਰਨ ਵਾਲਿਆਂ ਵਿਚ ਐਮਪੀ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ, ਬਲਦੇਵ ਸਿੰਘ ਆਦਿ ਦੇ ਨਾਮ ਪ੍ਰਮੁੱਖ ਹਨ।

Posted By: Tejinder Thind