ਜਤਿੰਦਰ ਪੰਮੀ, ਜਲੰਧਰ : ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਚੋਂ ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ, ਵੰਡ ਛੱਕਣ ਤੇ ਸਰਬੱਤ ਦੇ ਭਲੇ ਦੀ ਭਾਵਨਾ 'ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਪਹਿਲਕਦਮੀ ਕਰਦਿਆਂ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖ਼ਰਚ 'ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਵਾਉਣ ਦੇ ਚੁੱਕੇ ਬੀੜੇ ਤਹਿਤ ਅੱਜ ਪਹਿਲਾ ਜਥਾ ਜਲੰਧਰ ਤੋਂ ਟਰੱਸਟ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ ਵੱਲੋਂ ਰਵਾਨਾ ਕੀਤਾ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਕਾਰਨ ਬਾਬੇ ਨਾਨਕ ਦੇ ਦਰ-ਘਰ ਦੇ ਦਰਸ਼ਨ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਅੰਦਰ ਭਾਰੀ ਚਾਅ ਤੇ ਉਤਸ਼ਾਹ ਹੈ ਪਰ ਉਨ੍ਹਾਂ ਦੇ ਧਿਆਨ 'ਚ ਆਇਆ ਸੀ ਕਿ ਲੰਮੀ-ਚੌੜੀ ਕਾਗਜ਼ੀ ਕਾਰਵਾਈ ਤੇ ਇਸ ਯਾਤਰਾ ਦੌਰਾਨ ਆਉਣ ਵਾਲਾ ਖ਼ਰਚ ਹਰੇਕ ਸ਼ਰਧਾਲੂ ਦੀ ਜੇਬ ਨਹੀਂ ਚੁੱਕ ਰਹੀ। ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਵੱਧ ਤੋਂ ਵੱਧ ਬਾਬੇ ਨਾਨਕ ਦੇ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਇਸ ਕਰ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫ਼ੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ ਇਸ ਸਾਲ 30 ਨਵੰਬਰ ਤਕ 1100 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖ਼ਰਚੇ 'ਤੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਆਉਂਦੇ ਕੁਝ ਦਿਨਾਂ 'ਚ ਟਰੱਸਟ ਰਾਹੀਂ ਸ਼ਰਧਾਲੂਆਂ ਦੇ ਵੱਡੇ ਜੱਥਿਆਂ ਨੂੰ ਦਰਸ਼ਨ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਭੇਜਿਆ ਜਾਵੇਗਾ। ਟਰੱਸਟ ਹੁਣ ਅਜਿਹੇ ਸ਼ਰਧਾਲੂਆਂ ਦੇ ਪਾਸਪੋਰਟ ਵੀ ਆਪਣੇ ਖ਼ਰਚ 'ਤੇ ਬਣਵਾ ਕੇ ਦੇਵੇਗੀ ਜੋ ਆਪ ਪਾਸਪੋਰਟ ਨਹੀਂ ਬਣਵਾ ਸਕਦੇ। ਉਨ੍ਹਾਂ ਕਿਹਾ ਕਿ ਜੋ ਆਮ ਸ਼ਰਧਾਲੂ ਖ਼ਰਚ ਤਾਂ ਆਪ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਫਾਰਮ ਆਦਿ ਭਰਨ 'ਚ ਦਿੱਕਤ ਆ ਰਹੀ ਹੈ, ਉਹ ਵੀ ਸੰਪਰਕ ਕਰ ਸਕਦੇ ਹਨ। ਟਰੱਸਟ ਦੀ ਸੇਵਾ ਦਾ ਲਾਭ ਲੈਣ ਦੇ ਚਾਹਵਾਨ ਸ਼ਰਧਾਲੂ ਟਰੱਸਟ ਦੇ ਜਲੰਧਰ ਵਿਚਲੇ ਦਫ਼ਤਰ ਦੇ ਹੈਲਪ ਲਾਈਨ ਨੰਬਰ 01815096900 'ਤੇ ਸਵੇਰੇ 9 ਤੋਂ ਸ਼ਾਮ 5.30 ਵਜੇ ਤਕ ਸੰਪਰਕ ਕਰ ਸਕਦੇ ਹਨ। ਜਥੇ ਨੂੰ ਰਵਾਨਾ ਕਰਨ ਮੌਕੇ ਟਰੱਸਟ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ ਤੋਂ ਇਲਾਵਾ ਆਤਮ ਪ੍ਰਕਾਸ਼ ਸਿੰਘ, ਮਨੋਹਰ ਸਿੰਘ ਭਾਰਜ ਤੇ ਜਸਕੀਰਤ ਸਿੰਘ ਵੀ ਹਾਜ਼ਰ ਸਨ।