ਸਟਾਫ ਰਿਪੋਰਟਰ, ਜਲੰਧਰ : ਸਾਹਿਤਕ ਤੇ ਸਭਿਆਚਾਰਕ ਸੰਸਥਾ ਫੁਲਕਾਰੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਡਾ. ਜਗਤਾਰ ਯਾਦਗਾਰੀ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਰੋਹ 'ਚ ਸੁਰਜੀਤ ਪਾਤਰ, ਡਾ. ਸੁਰਜੀਤ ਤੇ ਅਨੀਤਾ ਸ਼ਬਦੀਸ਼ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਪਾਲ ਕੌਰ, ਪ੍ਰਿੰਸੀਪਲ ਜਸਪਾਲ ਰੰਧਾਵਾ, ਡਾ. ਮਨਮੋਹਨ, ਡਾ. ਲਖਵਿੰਦਰ ਜੌਹਲ, ਸਤਨਾਮ ਮਾਣਕ ਵੱਲੋਂ ਕੀਤੀ ਗਈ। ਡਾ. ਮਨਮੋਹਨ ਨੇ ਕਿਹਾ ਕਿ ਡਾ. ਜਗਤਾਰ ਆਪਣੇ ਸਮੇਂ ਦੀਆਂ ਲਹਿਰਾਂ ਤੋਂ ਜੇ ਪ੍ਰਭਾਵ ਕਬੂਲਦਾ ਹੈ ਤਾਂ ਇਨ੍ਹਾਂ ਲਹਿਰਾਂ ਦੀ ਅੱਖ 'ਚ ਅੱਖ ਪਾ ਕੇ ਵੀ ਦੇਖਦਾ ਹੈ।

ਦੀਪਕ ਧਲੇਵਾਂ ਨੇ ਕਿਹਾ ਕਿ 'ਜੁਗਨੂੰ , ਦੀਵਾ ਤੇ ਦਰਿਆ' ਦੀ ਗ਼ਜ਼ਲ ਪੰਜਾਬ ਸੰਕਟ ਦੇ ਦਿਨਾਂ ਦੀ ਬਹੁ-ਪਰਤੀ ਵਿਸ਼ਲੇਸ਼ਣੀ ਰਚਨਾ ਹੈ। ਪੰਜਾਬ ਸੰਕਟ ਬਾਰੇ ਵਿਚਾਰਧਾਰਕ ਤੌਰ 'ਤੇ ਜਿੰਨੀ ਸਪੱਸ਼ਟਤਾ ਜਗਤਾਰ ਦੀ ਕਵਿਤਾ ਕੋਲ ਹੈ, ਸ਼ਾਇਦ ਹੀ ਪੰਜਾਬੀ ਦੇ ਕਿਸੇ ਹੋਰ ਕਵੀ ਕੋਲ ਹੇਵੇ।

ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਸੁਰਜੀਤ ਪਾਤਰ ਨੇ ਪੰਜਾਬ ਦੀ ਮਿੱਟੀ ਦਾ ਸੁਰੀਲਾਪਣ ਫੜਿਆ ਤੇ ਆਪਣੀ ਕਵਿਤਾ ਨੂੰ ਉਸ 'ਤੇ ਕੇਂਦਰਿਤ ਕਰ ਦਿੱਤਾ। ਸੁਰਜੀਤ ਪਾਤਰ ਨੇ ਕਿਹਾ ਕਿ ਡਾ. ਜਗਤਾਰ ਪੰਜਾਬੀ ਦੇ ਪ੍ਰਬੁੱਧ ਸ਼ਾਇਰ ਸਨ। ਅਨੀਤਾ ਸ਼ਬਦੀਸ਼ ਨੇ ਆਪਣੇ ਥੀਏਟਰ ਦੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਤ੍ਰੈਭਾਸ਼ੀ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉਰਦੂ ਦੇ ਮਸ਼ਹੂਰ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ, ਡਾ. ਮਨਮੋਹਨ ਤੇ ਡਾ. ਪਾਲ ਕੌਰ ਨੇ ਕੀਤੀ। ਮੰਚ ਸੰਚਾਲਨ ਪ੍ਰੋ. ਸੁਰਜੀਤ ਜੱਜ ਤੇ ਸੰਗਤ ਰਾਮ ਨੇ ਕੀਤਾ।